ਬਚਿੱਤਰ ਕੁਹਾੜ
ਐਡੀਲੇਡ, 15 ਮਈ
ਆਸਟਰੇਲੀਆ ਦੀਆਂ 21 ਮਈ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿੱਚ 17 ਮਿਲੀਅਨ ਵੋਟਰ ਮੁਲਕ ਦੀ 47ਵੀਂ ਸੰਸਦ ਲਈ ਵੋਟ ਪਾਉਣਗੇ। ਮੁਲਕ ਦੀ 151 ਸੰਸਦੀ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ 1203 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਚੋਣਾਂ ਦੇ ਨਾਲ 76 ਸੈਨੇਟ ਮੈਂਬਰਾਂ ਵਿੱਚੋਂ 38 ਸੈਨੇਟ ਮੈਂਬਰਾਂ ਦੀ ਚੋਣ ਲਈ ਸੂਬਾ ਪੱਧਰ ‘ਤੇ ਸਿੱਧੀ ਵੋਟ ਪਵੇਗੀ, ਜਿਸ ਲਈ ਆਜ਼ਾਦ ਉਮੀਦਵਾਰਾਂ ਸਮੇਤ ਪਾਰਟੀਆਂ ਦੇ 421 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜ਼ਿਕਰਯੋਗ ਹੈ ਕਿ ਸੰਸਦ ਚੋਣ 3 ਸਾਲ ਲਈ ਅਤੇ ਸੈਨੇਟ ਮੈਂਬਰਾਂ ਦੀ ਚੋਣ 6 ਸਾਲ ਲਈ ਹੁੰਦੀ ਹੈ। ਆਸਟਰੇਲੀਆ ਸੰਸਦੀ ਚੋਣਾਂ ਵਿੱਚ ਮੁੱਖ ਮੁਕਾਬਲਾ ਹੁਕਮਰਾਨ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦਰਮਿਆਨ ਹੈ। ਲਿਬਰਲ ਪਾਰਟੀ ਵੱਲੋਂ ਸਕੌਟ ਮੌਰੀਸਨ ਅਤੇ ਲੇਬਰ ਪਾਰਟੀ ਤਰਫੋਂ ਐਂਥਨੀ ਐਲਬਾਨੀਜ਼ ਸੰਸਦ ਚੋਣਾਂ ਵਿੱਚ ਮੁੱਖ ਚਿਹਰੇ ਹਨ। ਦੱਖਣੀ ਆਸਟਰੇਲੀਆ ਵਿੱਚ ਉੱਘੇ ਸਮਾਜ ਸੇਵੀ ਤਿਰਮਾਣ ਸਿੰਘ ਗਿੱਲ ਲੇਬਰ ਪਾਰਟੀ ਵੱਲੋਂ ਸੈਨੇਟ ਮੈਂਬਰ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਉਹ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਹਨ ਅਤੇ ਸਾਲ 2006 ਵਿੱਚ ਪਰਿਵਾਰ ਸਮੇਤ ਐਡੀਲੇਡ ਆ ਵਸੇ ਸਨ। ਦੱਖਣੀ ਆਸਟਰੇਲੀਆ ਤੋਂ ਰਾਜੇਸ਼ ਠਾਕੁਰ ਅਤੇ ਉਨ੍ਹਾਂ ਦੀ ਪਤਨੀ ਹਰਮੀਤ ਠਾਕੁਰ ਸੈਨੇਟ ਮੈਂਬਰ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਪਿਛਲੇ 10 ਸਾਲ ਤੋਂ ਐਡੀਲੇਡ ਵਿੱਚ ਵਿਸਾਖੀ ਮੇਲਾ ਕਰਵਾਉਂਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਵੀ ਭਾਰਤੀ ਭਾਈਚਾਰੇ ਵਿੱਚ ਚੰਗੀ ਜਾਣ-ਪਛਾਣ ਹੈ। ਇਸੇ ਤਰ੍ਹਾਂ ਹੁਕਮਰਾਨ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਜੁਗਨਦੀਪ ਸਿੰਘ ਨੂੰ ਸਿਡਨੀ ਦੇ ਪੱਛਮ ਵਿੱਚ ਚਿਫਲੇ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।