ਨਵੀਂ ਦਿੱਲੀ: ਕੌਮੀ ਕੁਸ਼ਤੀ ਫੈਡਰੇਸ਼ਨ ਨੇ ਸਰਵਸਿਜ਼ ਦੇ ਪਹਿਲਵਾਨ ਸਤੇਂਦਰ ਮਲਿਕ ਵੱਲੋਂ ਰਾਸ਼ਟਰਮੰਡਲ ਖੇਡਾਂ ਦੇ ਟਰਾਇਲ ਦੌਰਾਨ ਸੀਨੀਅਰ ਰੈਫ਼ਰੀ ਜਗਬੀਰ ਸਿੰਘ ‘ਤੇ ਕੀਤੇ ਹਮਲੇ ਲਈ ਪਹਿਲਵਾਨ ‘ਤੇ ਤਾਉਮਰ ਦੀ ਪਾਬੰਦੀ ਲਗਾ ਦਿੱਤੀ ਹੈ। ਮਲਿਕ ਨੇ ਟਰਾਇਲ ਦੌਰਾਨ 125 ਕਿਲੋ ਦਾ ਫਾਈਨਲ ਹਾਰਨ ਮਗਰੋਂ ਸਿੰਘ ‘ਤੇ ਹਮਲਾ ਕੀਤਾ।
ਹਵਾਈ ਸੈਨਾ ਦਾ ਪਹਿਲਵਾਨ ਸਤੇਂਦਰ ਮਲਿਕ ਫਾਈਨਲ ਵਿੱਚ ਫੈਸਲਾਕੁਨ ਮੁਕਾਬਲੇ ਦੌਰਾਨ 3-0 ਨਾਲ ਅੱਗੇ ਸੀ ਕਿ ਮੈਚ ਖ਼ਤਮ ਹੋਣ ਤੋਂ ਮਹਿਜ਼ 18 ਸਕਿੰਟ ਪਹਿਲਾਂ ਵਿਰੋਧੀ ਖਿਡਾਰੀ ਮੋਹਿਤ ਨੇ ਪਹਿਲਾਂ ਉਸ ਨੂੰ ‘ਧੋਬੀ ਪਟਕਾ’ ਦਿੱਤਾ ਤੇ ਨਾਲ ਹੀ ਇਕ ਹੋਰ ਅੰਕ ਲਈ ਸਤੇਂਦਰ ਨੂੰ ਮੈਟ ਦੇ ਘੇਰੇ ਤੋਂ ਬਾਹਰ ਕਰ ਦਿੱਤਾ। ਹਾਲਾਂਕਿ ਰੈਫਰੀ ਵੀਰੇਂਦਰ ਮਲਿਕ ਨੇ ਮੋਹਿਤ ਨੂੰ ‘ਧੋਬੀ ਪਟਕੇ’ ਲਈ ਦੋ ਅੰਕ ਨਾ ਦੇ ਕੇ ਸਿਰਫ ਮੈਟ ਤੋਂ ਬਾਹਰ ਧੱਕਣ ਲਈ ਇਕ ਅੰਕ ਦਿੱਤਾ। ਇਸ ਫੈਸਲੇ ਤੋਂ ਨਿਰਾਸ਼ ਮੋਹਿਤ ਨੇ ਨਤੀਜੇ ਨੂੰ ਚੁਣੌਤੀ ਦਿੱਤੀ। ਇਸ ਮੁਕਾਬਲੇ ਦੇ ਜਿਊਰੀ ਸਤਿਆਦੇਵ ਮਲਿਕ ਨੇ ਕਿਸੇ ਤਰ੍ਹਾਂ ਦੇ ਪੱਖਪਾਤ ਤੋਂ ਬਚਣ ਲਈ ਖੁ਼ਦ ਨੂੰ ਇਸ ਫ਼ੈਸਲੇ ਤੋਂ ਇਹ ਕਹਿ ਕੇ ਲਾਂਭੇ ਕਰ ਲਿਆ ਕਿ ਉਹ ਅਤੇ ਸਤੇਂਦਰ ਇਕੋ ਪਿੰਡ (ਮੋਖਰਾ) ਨਾਲ ਸਬੰਧਤ ਹਨ। ਇਸ ਮਗਰੋਂ ਸੀਨੀਅਰ ਰੈਫਰੀ ਜਗਬੀਰ ਸਿੰਘ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਉਹ ਮੋਹਿਤ ਵੱਲੋਂ ਦਿੱਤੀ ਗਈ ਚੁਣੌਤੀ ਦਾ ਨਿਬੇੜਾ ਕਰਨ। ਸਿੰਘ ਨੇ ਟੀਵੀ ਰਿਪਲੇਅ ਵੇਖਣ ਮਗਰੋਂ ਮੋਹਿਤ ਨੂੰ ਤਿੰਨ ਅੰਕ ਦੇਣ ਦਾ ਫੈਸਲਾ ਸੁਣਾ ਦਿੱਤਾ। ਇਸ ਤਰ੍ਹਾਂ ਮੁਕਾਬਲੇ ਦਾ ਸਕੋਰ 3-3 ਨਾਲ ਬਰਾਬਰ ਹੋ ਗਿਆ, ਪਰ ਕਿਉਂ ਜੋ ਮੁਕਾਬਲੇ ਦੇ ਆਖਰੀ ਅੰਕ ਮੋਹਿਤ ਨੇ ਲਏ ਸਨ, ਇਸ ਲਈ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਫੈਸਲੇ ਤੋਂ ਗੁੱਸੇ ‘ਚ ਆਇਆ ਸਤੇਂਦਰ, ਰਵੀ ਦਹੀਆ ਤੇ ਅਮਨ ਵਿਚਾਲੇ ਖੇਡੇ ਜਾ ਰਹੇ 57 ਕਿਲੋ ਫਾਈਨਲ ਮੁਕਾਬਲੇ ਦੀ ਨਿਗਰਾਨੀ ਕਰ ਰਹੇ ਰੈਫਰੀ ਜਗਬੀਰ ਕੋਲ ਗਿਆ ਤੇ ਉੁਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਜਗਬੀਰ ਨੂੰ ਪਹਿਲਾਂ ਕਥਿਤ ਗਾਲ੍ਹਾਂ ਕੱਢੀਆਂ ਤੇ ਮਗਰੋਂ ਥੱਪੜ ਮਾਰਿਆ। ਜਗਬੀਰ ਸੰਤੁਲਣ ਗੁਆਉਣ ਕਰਕੇ ਜ਼ਮੀਨ ‘ਤੇ ਡਿੱਗ ਗਿਆ। ਡਬਲਿਊਐੱਫਆਈ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ”ਅਸੀਂ ਸਤੇਂਦਰ ਮਲਿਕ ‘ਤੇ ਤਾਉਮਰ ਪਾਬੰਦੀ ਲਾ ਦਿੱਤੀ ਹੈ। ਇਹ ਫ਼ੈਸਲਾ ਡਬਲਿਊਐੱਫਆਈ ਪ੍ਰਧਾਨ ਵੱਲੋਂ ਲਿਆ ਗਿਆ ਹੈ।” -ਪੀਟੀਆਈ