ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮਾਂਤਰੀ ਪੱਧਰ ‘ਤੇ ਨਾਮ ਕਮਾਉਣ ਵਾਲੇ ਅਣਵੰਡੇ ਪੰਜਾਬ ਦੇ ਅਜਿੱਤ ਪਹਿਲਵਾਨ ਗਾਮੇ ਨੂੰ ਗੂਗਲ ਨੇ ਆਪਣੇ ਡੂਡਲ ਵਿੱਚ ਥਾਂ ਦਿੱਤੀ ਹੈ। ਗਾਮੇ ਦਾ ਪੂਰਾ ਨਾਂ ਗੁਲਾਮ ਮੁਹੰਮਦ ਬਖਸ਼ ਬੱਟ ਸੀ। ਉਸ ਨੂੰ ਆਮ ਤੌਰ ‘ਤੇ ‘ਰੁਸਤਮ-ਏ-ਹਿੰਦ’ ਅਤੇ ਭਲਵਾਨੀ ਅਖਾੜੇ ਦੇ ਨਾਂ ‘ਦਿ ਗ੍ਰੇਟ ਗਾਮਾ’ ਨਾਲ ਜਾਣਿਆ ਜਾਂਦਾ ਹੈ। ਅਣਵੰਡੇ ਪੰਜਾਬ ਦੇ 20ਵੀਂ ਸਦੀ ਦੇ ਸ਼ੁਰੂ ਵਿੱਚ ਗਾਮਾ ਵਿਸ਼ਵ ਦਾ ਅਜੇਤੂ ਕੁਸ਼ਤੀ ਚੈਂਪੀਅਨ ਸੀ। ਉਸ ਦਾ ਜਨਮ 22 ਮਈ, 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ ਤੇ ਦੇਸ਼ ਵੰਡ ਮਗਰੋਂ ਉਹ ਪਾਕਿਸਤਾਨ ਦੇ ਲਾਹੌਰ ਵਿੱਚ ਜਾ ਵਸਿਆ ਸੀ, ਜਿੱਥੇ 23 ਮਈ, 1960 ਨੂੰ ਉਸ ਦੀ ਮੌਤ ਹੋ ਗਈ ਸੀ। ਇਸ ਤਾਕਤਵਰ ਪਹਿਲਵਾਨ ਦਾ ਕੱਦ 1.71 ਮੀਟਰ ਅਤੇ ਭਾਰ 113 ਕਿਲੋਗ੍ਰਾਮ ਸੀ। ਉਸ ਦਾ ਪੁੱਤਰ ਵੀ ਭਲਵਾਨੀ ਕਰਦਾ ਸੀ। ਗੂਗਲ ਨੇ ਇਸ ਤੋਂ ਪਹਿਲਾਂ ਗਾਇਕzwnj; ਮੁਹੰਮਦ ਰਫ਼ੀ ਨੂੰ ਵੀ ਡੂਡਲ ‘ਤੇ ਥਾਂ ਦਿੱਤੀ ਸੀ, ਜੋ ਅੰਮ੍ਰਿਤਸਰ ਦਾ ਜੰਮਪਲ ਸੀ।