ਜਕਾਰਤਾ, 26 ਮਈ
ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਇੰਡੋਨੇਸ਼ੀਆ ਨੂੰ 16-0 ਗੋਲ ਅੰਤਰ ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਪਾਕਿਸਤਾਨ ਲਈ ਵਿਸ਼ਵ ਕੱਪ ਖੇਡਣ ਦੇ ਦਰਵਾਜ਼ੇ ਬੰਦ ਹੋ ਗਏ ਹਨ। ਪੂਲ-ਏ ਵਿੱਚ ਭਾਰਤ ਅਤੇ ਪਾਕਿਸਤਾਨ 4-4 ਅੰਕਾਂ ਨਾਲ ਜਾਪਾਨ ਤੋਂ ਪਿੱਛੇ ਰਹੇ ਹਾਲਾਂਕਿ ਮੌਜੂਦਾ ਚੈਂਪੀਅਨ ਭਾਰਤ ਨੇ ਬੇਹਤਰ ਗੋਲ ਅੰਤਰ ਸਦਕਾ ਸੁਪਰ-4 ਗੇੜ ਵਿੱਚ ਜਗ੍ਹਾ ਬਣਾ ਲਈ। ਭਾਰਤ ਨੂੰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾਉਣ ਲਈ ਇੰਡੋਨੇਸ਼ੀਆ ਨੂੰ 15-0 ਜਾਂ ਇਸ ਤੋਂ ਵੱਧ ਗੋਲ ਅੰਤਰ ਨਾਲ ਹਰਾਉਣ ਦੀ ਲੋੜ ਸੀ। ਮੈਚ ਦੌਰਾਨ ਭਾਰਤੀ ਟੀਮ ਵੱਲੋਂ ਦਿਪਸਾਨ ਟਿਰਕੀ ਨੇ 5, ਸੁਦੇਵ ਬੇਲਿਮਾਗਾ ਨੇ 3 ਜਦਕਿ ਐੱਸ.ਵੀ. ਸੁਨੀਲ, ਪਵਨ ਰਾਜਭਰ ਅਤੇ ਕਾਰਤੀ ਤੇ ਸੇਲਵਮ ਨੇ ਦੋ-ਦੋ ਗੋਲ ਦਾਗੇ। ਉੱਤਮ ਸਿੰਘ ਅਤੇ ਨੀਲਮ ਸੰਦੀਪ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਨੂੰ ਜਾਪਾਨ ਹੱਥੋਂ 2-3 ਨਾਲ ਹਾਰ ਨਸੀਬ ਹੋਈ। ਇਸ ਨਤੀਜੇ ਨਾਲ ਪਾਕਿਸਤਾਨ ਨਾ ਸਿਰਫ ਟੂਰਨਾਮੈਂਟ ਵਿੱਚੋਂ ਬਾਹਰ ਹੋਇਆ ਹੈ ਬਲਕਿ ਉਸ ਦੀਆਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਇਸ ਟੂਰਨਾਮੈਂਟ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਹੀ ਵਿਸ਼ਵ ਕੱਪ ‘ਚ ਦਾਖਲਾ ਮਿਲੇਗਾ। -ਪੀਟੀਆਈ