ਮੰਗਲੂਰੂ, 26 ਮਈ
ਇੱਥੇ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਦੋੋਸ਼ ਲਾਇਆ ਕਿ ਕੁਝ ਮੁਸਲਿਮ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇਸ ਖ਼ਿਲਾਫ਼ ਕਾਲਜ ਵਿੱਚ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਅੱਜ ਹਿਜਾਬ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ। ਕਾਲਜ ਦੀ ਵਰਦੀ ਪਹਿਨੇ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ 44 ਵਿਦਿਆਰਥਣਾਂ ਨੇ ਕਾਲਜ ਵਿੱਚ ਹਿਜਾਬ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਅਧਿਕਾਰੀਆਂ ‘ਤੇ ਦੋਸ਼ ਲਾਇਆ ਉਹ ਇੱਕ ”ਪ੍ਰਭਾਵਸ਼ਾਲੀ ਸਥਾਨਕ ਨੇਤਾ” ਦੇ ਦਬਾਅ ਹੇਠ ਹੁਣ ਤੱਕ ਮਸਲੇ ਦਾ ਹੱਲ ਕਰਨ ‘ਚ ਅਸਫਲ ਰਹੇ ਹਨ ਅਤੇ ਕਿਹਾ ਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਦੀ ਵੀ ਉਨ੍ਹਾਂ ਨਾਲ ਕਥਿਤ ਮਿਲੀਭੁਗਤ ਹੈ। ਹਾਲਾਂਕਿ ਇੱਕ ਮੁਸਲਿਮ ਵਿਦਿਆਰਥਣ ਨੇ ਦਾਅਵਾ ਕੀਤਾ ਹਿਜਾਬ ਪਹਿਨਣਾ ਉਨ੍ਹਾਂ ਵਿਦਿਆਰਥਣਾਂ ਦੀ ਵਰਦੀ ਦਾ ਹਿੱਸਾ ਹੈ, ਜਿਹੜੀਆਂ ਇਸ ਨੂੰ ਪਹਿਨਦੀਆਂ ਹਨ। ਇਹ ਗੱਲ ਕਾਲਜ ਦੇ ਪ੍ਰਾਸਪੈਕਟ ਵਿੱਚ ਵੀ ਸ਼ਾਮਲ ਹੈ। -ਪੀਟੀਆਈ