ਆਗਰਾ, 26 ਮਾਰਚ
ਤਾਜ ਮਹਿਲ ਦੇ ਅਹਾਤੇ ਵਿਚਲੀ ਸ਼ਾਹੀ ਮਸਜਿਦ ਵਿੱਚ ‘ਨਮਾਜ਼’ ਅਦਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਨ੍ਹਾਂ ਚਾਰਾਂ ਖਿਲਾਫ਼ ‘ਦੰਗੇ ਕਰਵਾਉਣ ਦੇ ਇਰਾਦੇ ਨਾਲ ਭੜਕਾਹਟ ਪੈਦਾ’ ਕਰਨ ਦੇ ਦੋਸ਼ ਲਈ ਆਈਪੀਸੀ ਦੀ ਧਾਰਾ 153 ਆਇਦ ਕੀਤੀ ਗਈ ਗਈ ਹੈ। ਐੱਸਪੀ(ਸਿਟੀ) ਵਿਕਾਸ ਕੁਮਾਰ ਨੇ ਕਿਹਾ, ”ਤਾਜ ਮਹਿਲ ਦੇ ਅਹਾਤੇ ਵਿਚਲੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਚਾਰ ਸੈਲਾਨੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਹੈਦਰਾਬਾਦ ਅਤੇ ਇਕ ਆਜ਼ਮਗੜ੍ਹ ‘ਚੋਂ ਹੈ। ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 153 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।”
ਭਾਰਤੀ ਪੁਰਾਤਤਵ ਵਿਭਾਗ ਦੇ ਨਿਗਰਾਨ ਪੁਰਾਤਤਵ ਵਿਗਿਆਨੀ (ਆਗਰਾ ਸਰਕਲ) ਰਾਜ ਕੁਮਾਰ ਪਟੇਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਜੁੰਮੇ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨ ਤਾਜ ਮਹਿਲ ਅਹਾਤੇ ਵਿੱਚ ਨਮਾਜ਼ ਅਦਾ ਕਰਨ ਦੀ ਮਨਾਹੀ ਹੈ। ਪਟੇਲ ਨੇ ਕਿਹਾ ਕਿ ਜੁੰਮੇ ਨੂੰ ਵੀ ਸਿਰਫ਼ ਤਾਜਗੰਜ ਇਲਾਕੇ ਦੇ ਵਸਨੀਕਾਂ ਨੂੰ ਹੀ ਦੁਪਹਿਰ 12 ਤੋਂ 2 ਵਜੇ ਦਰਮਿਆਨ ਮਕਬਰੇ ਵਾਲੀ ਥਾਂ ਨਮਾਜ਼ ਅਦਾ ਕਰਨ ਦੀ ਖੁੱਲ੍ਹ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀ ਬੁੱਧਵਾਰ ਸ਼ਾਮ ਨੂੰ ਪੰਜ ਵਜੇ ਸ਼ਾਹੀ ਮਸਜਿਦ ਵਿੱਚ ਨਮਾਜ਼ ਪੜ੍ਹਦੇ ਵੇਖੇ ਗਏ ਸਨ। ਭਾਰਤੀ ਪੁਰਾਤਤਵ ਵਿਭਾਗ ਤੇ ਸੀਆਈਐੱਸਐੱਫ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਉਧਰ ਗ੍ਰਿਫ਼ਤਾਰ ਕੀਤੇ ਸੈਲਾਨੀਆਂ ਦੇ ਗਾਈਡ ਵਿਨੋਦ ਦੀਕਸ਼ਿਤ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਅਪਰਾਧ ਕਰ ਰਹੇ ਹਨ। -ਪੀਟੀਆਈ
ਪਾਬੰਦੀ ਸਬੰਧੀ ਸਬੂਤ ਦੇਵੇ ਭਾਰਤੀ ਪੁਰਾਤਤਵ ਵਿਭਾਗ: ਇੰਤਜ਼ਾਮੀਆ ਕਮੇਟੀ
ਤਾਜ ਮਹਿਲ ਦੀ ਇੰਤਜ਼ਾਮੀਆ ਕਮੇਟੀ ਦੇ ਮੁਖੀ ਇਬਰਾਹਿਮ ਜ਼ੈਦੀ ਨੇ ਕਿਹਾ, ”ਤਾਜ ਮਹਿਲ ਵਿੱਚ ਪਹਿਲਾਂ ਨਿਯਮਤ ਨਮਾਜ਼ ਅਦਾ ਕੀਤੀ ਜਾਂਦੀ ਸੀ। ਪਰ ਕੁਝ ਦਿਨ ਪਹਿਲਾਂ ਭਾਰਤੀ ਪੁਰਾਤਤਵ ਵਿਭਾਗ (ਏਐੱਸਆਈ) ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਜੁੰਮੇ ਨੂੰ ਛੱਡ ਕੇ ਮਸਜਿਦ ਅਹਾਤੇ ਵਿੱਚ ਨਮਾਜ਼ ਅਦਾ ਕਰਨ ‘ਤੇ ਰੋਕ ਲਾ ਦਿੱਤੀ ਸੀ।” ਜ਼ੈਦੀ ਨੇ ਕਿਹਾ ਕਿ ਕਮੇਟੀ ਨੇ ਏਐੱਸਆਈ ਨੂੰ ਪਾਬੰਦੀ ਬਾਰੇ ਲਿਖਤੀ ਸਬੂਤ ਦੇਣ ਤੇ ਇਸ ਨੂੰ ਸੈਲਾਨੀਆਂ ਦੀ ਜਾਣਕਾਰੀ ਲਈ ਨੋਟਿਸ ਬੋਰਡ ‘ਤੇ ਲਾਉਣ ਲਈ ਕਿਹਾ ਹੈ।