ਨਵੀਂ ਦਿੱਲੀ, 1 ਜੂਨ
ਦੇਸ਼ ਵਿੱਚ ਕਰੋਨਾ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ‘ਹਰ ਘਰ ਦਸਤਕ’ ਮੁਹਿੰਮ ਦਾ ਦੂਜਾ ਗੇੜ ਅੱਜ ਸ਼ੁਰੂ ਹੋ ਗਿਆ ਹੈ। ਪਹਿਲੀ ਜੂਨ ਤੋਂ 31 ਜੁਲਾਈ ਤੱਕ ਚੱਲਣ ਵਾਲਾ ਇਹ ਗੇੜ ਬਿਰਧ ਆਸ਼ਰਮਾਂ, ਸਕੂਲਾਂ, ਕਾਲਜਾਂ ਅਤੇ ਜੇਲ੍ਹਾਂ ਵਿੱਚ ਹਵਾਲਾਤੀਆਂ ਦੇ ਟੀਕਾਕਰਨ ‘ਤੇ ਕੇਂਦਰਿਤ ਹੋਵੇਗਾ। ਪਹਿਲਾ ਗੇੜ ਨਵੰਬਰ 2021 ਵਿੱਚ ਸ਼ੁਰੂ ਹੋਇਆ ਸੀ। ‘ਹਰ ਘਰ ਦਸਤਕ 2.0’ ਦਾ ਮੁੱਖ ਮਕਸਦ ਯੋਗ ਵਿਅਕਤੀਆਂ ਨੂੰ ਘਰ-ਘਰ ਜਾ ਕੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਘਰ-ਘਰ ਜਾ ਕੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ (ਤੀਜੀ ਖੁਰਾਕ) ਦੇਣ ਅਤੇ 12 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੋਜਨਾਬੰਦੀ ਅਤੇ ਸਰਕਾਰ ਦੇ ਯਤਨਾਂ ਸਦਕਾ ਕੌਮੀ ਟੀਕਾਕਰਨ ਮੁਹਿੰਮ ਕਾਫੀ ਸਫ਼ਲ ਰਹੀ ਹੈ। ਹੁਣ ਤੱਕ ਦੇਸ਼ ਭਰ ਵਿੱਚ 193.57 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 15 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ‘ਚੋਂ 96.3 ਫੀਸਦ ਨੇ ਘੱਟੋ-ਘੱਟ ਇੱਕ ਖੁਰਾਕ ਅਤੇ 86.3 ਫੀਸਦ ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ। ਇਹ ਮੁਹਿੰਮ ਮਿਸ਼ਨ ਇੰਦਰਧਨੁਸ਼ ਦੀ ਸਫਲ ਰਣਨੀਤੀ ਤੋਂ ਪ੍ਰੇਰਿਤ ਹੈ, ਜਿਸ ਵਿੱਚ ਘਰ-ਘਰ ਜਾ ਕੇ ਪਹਿਲੀ ਅਤੇ ਦੂਜੀ ਖੁਰਾਕ ਦੇ ਯੋਗ ਲਾਭਪਾਤਰੀਆਂ ਤੱਕ ਪਹੁੰਚਣ ਲਈ ਲਾਮਬੰਦੀ, ਜਾਗਰੂਕਤਾ ਅਤੇ ਟੀਕਾਕਰਨ ਗਤੀਵਿਧੀਆਂ ਸ਼ਾਮਲ ਹਨ। -ਪੀਟੀਆਈ
ਦੇਸ਼ ਵਿੱਚ ਕਰੋਨਾ ਦੇ 2,755 ਨਵੇਂ ਕੇਸ
ਨਵੀਂ ਦਿੱਲੀ: ਦੇਸ਼ ਵਿੱਚ ਅੱਜ ਕਰੋਨਾ ਦੇ 2,745 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 4,31,60,832 ਹੋ ਗਈ ਹੈ। ਇਨ੍ਹਾਂ ‘ਚੋਂ 18,386 ਕੇਸ ਐਕਟਿਵ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਅੱਜ ਕਰੋਨਾ ਕਾਰਨ ਛੇ ਮੌਤਾਂ ਹੋਈਆਂ ਹਨ। -ਪੀਟੀਆਈ