ਪਿਥੌਰਾਗੜ੍ਹ: ਆਦਿ ਕੈਲਾਸ਼ ਯਾਤਰਾ ਲਈ 30 ਯਾਤਰੀਆਂ ਦਾ ਪਹਿਲਾ ਜਥਾ ਅੱਜ ਧਾਰਚੂ-ਲਾ (ਦੱਰੇ ‘ਤੇ) ਪਹੁੰਚ ਗਿਆ ਹੈ। ਆਦਿ ਕੈਲਾਸ਼ ਯਾਤਰੀ ਸਥਾਨ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨੇੜੇ ਪੈਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਬੰਦ ਹੈ ਅਤੇ ਇਸ ਯਾਤਰਾ ਦਾ ਪ੍ਰਬੰਧ ਕਰਨ ਵਾਲੀ ਨੋਡਲ ਏਜੰਸੀ ਕਮਾਊਂ ਮੰਡਲ ਵਿਕਾਸ ਨਿਗਮ ਵੱਲੋਂ ਆਦਿ ਕੈਲਾਸ਼ ਯਾਤਰਾ ਕਰਵਾਈ ਜਾ ਰਹੀ ਹੈ। ਆਦਿ ਕੈਲਾਸ਼ ਨੂੰ ਛੋਟਾ ਕੈਲਾਸ਼ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਯਾਤਰੀ ਸਥਾਨ ਵਿਆਸ ਘਾਟੀ ਵਿੱਚ ਸਥਿਤ ਹੈ। ਨਿਗਮ ਦੇ ਸੂਤਰਾਂ ਨੇ ਦੱਸਿਆ ਕਿ ਪਹਿਲੇ ਜਥੇ ਵਿੱਚ ਚੰਡੀਗੜ੍ਹ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਤੇ ਉੱਤਰਖੰਡ ਦੇ ਯਾਤਰੀ ਸ਼ਾਮਲ ਹਨ। ਨਿਗਮ ਦੇ ਅਧਿਕਾਰੀ ਦਿਨੇਸ਼ ਗੁਰੂਰਾਨੀ ਨੇ ਦੱਸਿਆ ਕਿ ਪੰਜ ਦਿਨਾ ਯਾਤਰਾ ਦੌਰਾਨ 18 ਜਥਿਆਂ ਵਿੱਚ ਲਗਭਗ 500 ਯਾਤਰੀ ਆਦਿ ਕੈਲਾਸ਼, ਓਮ ਪਰਬਤ ਅਤੇ ਪਾਰਵਤੀ ਝੀਲ ਦੀ ਯਾਤਰਾ ਕਰਨਗੇ। -ਪੀਟੀਆਈ