ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਹਾਲ ਹੀ ਵਿੱਚ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਪਰ ਇਸ ਫ਼ਿਲਮ ਨੂੰ ਸਿਰੇ ਚਾੜ੍ਹਨ ਲਈ ਆਮਿਰ ਖਾਨ ਨੇ ਆਪਣੀ ਜ਼ਿੰਦਗੀ ਦੇ 14 ਸਾਲ ਲੇੇਖੇ ਲਾਏ ਹਨ। ਇਸ ਫ਼ਿਲਮ ਨੂੰ ਬਣਾਉਣ ਲਈ ਕੋਈ ਸਮਾਂ-ਸੀਮਾ ਤੈਅ ਨਹੀਂ ਸੀ। ਅਦਾਕਾਰ ਨੇ ਆਖਿਆ ਕਿ ਉਸ ਨੂੰ ਇਹ ਫ਼ਿਲਮ ਬਣਾਉਣ ਦਾ ਵਿਚਾਰ ‘ਜਾਨੇ ਤੂ ਯਾ ਜਾਨੇ ਨਾ’ ਦੇ ਪ੍ਰੀਮੀਅਰ ਤੋਂ ਬਾਅਦ ਅਤੁਲ ਕੁਲਕਰਨੀ ਦੀ ਸਾਲ 2008 ਵਿੱਚ ਆਈ ਫ਼ਿਲਮ ‘ਦਿੱਲੀ 6’ ਤੋਂ ਆਇਆ ਸੀ। ਜਦੋਂ ਕੁਲਕੁਰਨੀ ਨੇ ਫ਼ਿਲਮ ‘ਫੋਰੈਸਟ ਗੰਪ’ ਨੂੰ ਹਿੰਦੀ ਵਿੱਚ ਬਣਾਉਣ ਦੀ ਪੇਸ਼ਕਸ਼ ਕੀਤੀ ਤਾਂ ਉਦੋਂ ਇਸ ਫ਼ਿਲਮ ਦਾ ਪਹਿਲਾ ਬੀਜ ਬੀਜਿਆ ਗਿਆ। ਇਸ ਤੋਂ ਬਾਅਦ ਆਮਿਰ ਖਾਨ ਨੇ ‘ਫੋਰੈਸਟ ਗੰਪ’ ਦੇ ਅਧਿਕਾਰ ਲੈਣ ਲਈ ਨਿਰਮਾਤਾਵਾਂ ਤੱਕ ਪਹੁੰਚ ਕੀਤੀ ਤੇ ਇਸ ਪ੍ਰਕਿਰਿਆ ਨੂੰ ਦਸ ਸਾਲ ਦਾ ਸਮਾਂ ਲੱਗਿਆ। ਜਦੋਂ ਅਧਿਕਾਰ ਮਿਲੇ ਤਾਂ ਕਰੋਨਾ ਮਹਾਮਾਰੀ ਫੈਲ ਗਈ, ਜਿਸ ਕਾਰਨ ਇਹ ਕੰਮ ਹੋਰ ਲਟਕ ਗਿਆ। ਸਮੇਂ ਨੇ ਆਮਿਰ ਖਾਨ ਦੀ ਪ੍ਰੀਖਿਆ ਲਈ ਹੈ, ਪਰ ਉਸ ਦਾ ਸਬਰ ਹੀ 14 ਸਾਲਾਂ ਤੋਂ ਲਟਕ ਰਹੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਸਹਾਈ ਹੋਇਆ। ਜਾਣਕਾਰੀ ਅਨੁਸਾਰ ਫ਼ਿਲਮ ‘ਲਾਲ ਸਿੰਘ ਚੱਢਾ’ ਆਮਿਰ ਖਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਆਕੌਮ 18 ਸਟੂਡੀਓਜ਼ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਅਦਾਕਾਰਾ ਕਰੀਨਾ ਕਪੂਰ ਖਾਨ, ਮੋਨਾ ਸਿੰਘ ਤੇ ਨਾਗਾ ਚੇਤੰਨਯ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਆਗਾਮੀ 11 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। -ਆਈਏਐੱਨਐੱਸ