ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਆਪਣੀ ‘ਨਵੀਂ ਯਾਤਰਾ’ ਬਾਰੇ ਇਕ ਰਹੱਸਮਈ ਟਵੀਟ ਕੀਤਾ ਜਿਸ ਮਗਰੋਂ ਉਨ੍ਹਾਂ ਦੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ‘ਤੇ ਰਹਿਣ ਸਬੰਧੀ ਅਟਕਲਾਂ ਲੱਗਣ ਲੱਗ ਪਈਆਂ। ਇਸ ਮਗਰੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੂੰ ਇਸ ਸਪੱਸ਼ਟੀਕਰਨ ਦੇਣਾ ਪਿਆ ਕਿ ਸੌਰਵ ਗਾਂਗੁਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਸੌਰਵ ਗਾਂਗੁਲੀ ਨੇ ਟਵੀਟ ਕੀਤਾ ਹੈ ਕਿ ਉਹ ਨਵੀਂ ਯਾਤਰਾ ਸ਼ੁਰੁੂ ਕਰ ਰਹੇ ਹਨ ਹਾਲਾਂਕਿ ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਟਵੀਟ ਵਿੱਚ ਗਾਂਗੁਲੀ ਨੇ 1992 ਤੋਂ 2022 ਤੱਕ ਦੇ ਆਪਣੇ ‘ਕ੍ਰਿਕਟ ਸਫ਼ਰ’ ਨੂੰ ਯਾਦ ਕਰਦਿਆਂ ਕਰੀਅਰ ਦੌਰਾਨ ਮਿਲੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਗਾਂਗੁਲੀ ਨੇ ਟਵੀਟ ਕੀਤਾ, ”ਅੱਜ ਮੈਂ ਅਜਿਹੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਾਫੀ ਲੋਕਾਂ ਦੀ ਮਦਦ ਕਰੇਗੀ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਆਪਣੀ ਇਸ ਯਾਤਰਾ ਦੇ ਨਵੇਂ ਅਧਿਆਏ ਵਿੱਚ ਦਾਖਲ ਹੋਵਾਂਗਾ ਤਾਂ ਤੁਸੀਂ ਮੇਰਾ ਇਸੇ ਤਰ੍ਹਾਂ ਸਮਰਥਨ ਜਾਰੀ ਰੱਖੋਗੇ।” ਟਵੀਟ ਮਗਰੋਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, ”ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਹਟਣ ਸਬੰਧੀ ਸਾਰੀਆਂ ਅਫਵਾਹਾਂ ਗਲਤ ਹਨ ਅਸਤੀਫ਼ਾ ਨਹੀਂ ਦਿੱਤਾ ਹੈ।” ਦੱਸਣਯੋਗ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਸੌਰਵ ਗਾਂਗੁਲੀ ਦਾ ਇਹ ਟਵੀਟ ਉਨ੍ਹਾਂ ਦੀ ਅਗਾਮੀ ਯੋਜਨਾ ਦਾ ਨਾਲ ਸਬੰਧਤ ਸੀ। -ਪੀਟੀਆਈ