ਨਵੀਂ ਦਿੱਲੀ, 5 ਜੂਨ
ਚੋਟੀ ਦੇ ਇਕ ਸਰਕਾਰੀ ਅਧਿਕਾਰੀ ਨੇ ਅੱਜ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਖੋਜ ਫਾਊਂਡੇਸ਼ਨ (ਐੱਨਆਰਐਫ) ਦੇ ਮਾਧਿਅਮ ਰਾਹੀਂ ਭਾਰਤ ਦੀ ਖੋਜ ਸਮਰੱਥਾ ਨੂੰ ਵਧਾਉਣ ਦੀ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰ ਦੇ ਮੁੱਖ ਵਿਗਿਆਨਕ ਸਲਾਹਕਾਰ ਅਜੈ ਕੁਮਾਰ ਸੂਦ ਨੇ ਦੱਸਿਆ ਕਿ ਇਸ ਨਾਲ ਪਹਿਲਾਂ ਤੋਂ ਵਿਗਿਆਨ, ਤਕਨੀਕ ਤੇ ਖੋਜ ਦੇ ਖੇਤਰ ਵਿਚ ਚੱਲ ਰਹੀਆਂ ਯੋਜਨਾਵਾਂ ਨੂੰ ਬਲ ਮਿਲੇਗਾ। ਐੱਨਆਰਐਫ ਦਾ ਐਲਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜੂਨ 2019 ਵਿਚ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿਚ ਕੀਤਾ ਸੀ। ਇਸ ਦਾ ਮੰਤਵ ਸਰਕਾਰੀ ਯੂਨੀਵਰਸਿਟੀਆਂ, ਕਾਲਜਾਂ ਤੇ ਸੰਸਥਾਵਾਂ ‘ਚ ਖੋਜ ਪ੍ਰਾਜੈਕਟ ਉਤਸ਼ਾਹਿਤ ਕਰਨੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਗਿਆਨ ਤੇ ਤਕਨੀਕ ਵਿਭਾਗ, ਵਿਗਿਆਨ ਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ। -ਪੀਟੀਆਈ