ਨਵੀਂ ਦਿੱਲੀ, 5 ਜੂਨ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੇ ਨਾਮ ਅਤੇ ਟਿਕਾਣਿਆਂ ਬਾਰੇ ਖੁਲਾਸਾ ਕੀਤਾ ਹੈ ਜੋ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਆਧਾਰਿਤ ਹਨ। ਪੁਲੀਸ ਨੂੰ ਸ਼ੱਕ ਹੈ ਕਿ ਹਥਿਆਰ ਸਪਲਾਈ ਕਰਨ ਵਾਲਿਆਂ ਨੇ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਸਹਾਇਤਾ ਕੀਤੀ ਹੈ।
ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ‘ਚ ਫਰੀਦਕੋਟ ਦਾ ਵਸਨੀਕ ਰਣਜੀਤ, ਹਰਿਆਣਾ-ਰਾਜਸਥਾਨ ਸਰਹੱਦ ਨੇੜੇ ਰਹਿੰਦਾ ਵਿਜੈ ਅਤੇ ਰਾਕਾ ਸ਼ਾਮਲ ਹਨ। ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਘੜੀ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਕਿ ਲਾਰੈਂਸ ਤੋਂ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਦਾ ਕਤਲ ਗਰੋਹਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਹੈੈ। ਬਿਸ਼ਨੋਈ ਦਾ ਅੱਜ ਰਿਮਾਂਡ ਖ਼ਤਮ ਹੋਣ ‘ਤੇ ਉਸ ਨੂੰ ਇਥੋਂ ਦੀ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਗੈਂਗਸਟਰ ਦਾ ਪੰਜ ਦਿਨਾਂ ਦਾ ਹੋਰ ਰਿਮਾਂਡ ਲਿਆ ਗਿਆ ਹੈ। ਉਸ ਦੇ ਵਕੀਲ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਆਪਣੀ ਰਿਮਾਂਡ ਅਰਜ਼ੀ ‘ਚ ਸਿੱਧੂ ਮੂਸੇਵਾਲਾ ਕੇਸ ਦਾ ਜ਼ਿਕਰ ਨਹੀਂ ਕੀਤਾ ਹੈ। ਇਕ ਸੂਤਰ ਨੇ ਕਿਹਾ,”ਜੀਤੇਂਦਰ ਗੋਗੀ ਗਰੋਹ ਦੇ ਮੁਕੇਸ਼ ਉਰਫ਼ ਪੁਨੀਤ ਅਤੇ ਓਮ ਉਰਫ਼ ਸ਼ਕਤੀ ਅਤੇ ਹਰਵਿੰਦਰ ਨੂੰ ਅਪਰੈਲ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛ-ਪੜਛਾਲ ‘ਚ ਖ਼ੁਲਾਸਾ ਹੋਇਆ ਕਿ ਰਾਕਾ ਨੇ ਗ਼ੈਰਕਾਨੂੰਨੀ ਹਥਿਆਰ ਸਪਲਾਈ ਕੀਤੇ ਸਨ। ਰੋਹਿਤ ਉਰਫ਼ ਮੋਈ ਅਤੇ ਦਿਨੇਸ਼ ਕਰਾਲਾ ਨੇ ਹਥਿਆਰ ਹਾਸਲ ਕਰਨ ‘ਚ ਸਹਾਇਤਾ ਕੀਤੀ ਸੀ। ਹਥਿਆਰਾਂ ਦੇ ਸਰੋਤ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ।” ਪੁਲੀਸ ਨੇ ਰੋਹਿਤ ਉਰਫ਼ ਮੋਈ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਕਬੂਲ ਕਰ ਲਿਆ ਕਿ ਲਾਰੈਂਸ ਬਿਸ਼ਨੋਈ ਤੋਂ ਹਥਿਆਰ ਲੈਣ ਮਗਰੋਂ ਉਸ ਨੇ ਗਰੋਹ ਦੇ ਸਾਥੀਆਂ ਨਾਲ ਮਿਲ ਕੇ ਰਾਕਾ ਰਾਹੀਂ ਮੁਕੇਸ਼, ਸ਼ਕਤੀ ਅਤੇ ਹਰਵਿੰਦਰ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਇਕ ਅਧਿਕਾਰੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਹਥਿਆਰਾਂ ਦੇ ਅਸਲ ਸਰੋਤ ਜਾਣਦਾ ਹੈ। ਉਸ ਨੂੰ ਰਾਕਾ ਦੇ ਦਿੱਲੀ, ਹਰਿਆਣਾ, ਯੂਪੀ ਅਤੇ ਉੱਤਰਾਖੰਡ ਦੇ ਇਲਾਕਿਆਂ ‘ਚ ਟਿਕਾਣਿਆਂ ਬਾਰੇ ਵੀ ਜਾਣਕਾਰੀ ਹੈ। ਤਿਹਾੜ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਨੂੰ ਜਦੋਂ ਹਿਰਾਸਤ ‘ਚ ਲਿਆ ਗਿਆ ਸੀ ਤਾਂ ਉਸ ਨੇ ਮੰਨਿਆ ਸੀ ਕਿ ਫਰੀਦਕੋਟ ਦੇ ਰਣਜੀਤ ਅਤੇ ਹਰਿਆਣਾ-ਰਾਜਸਥਾਨ ਸਰਹੱਦ ਨੇੜੇ ਰਹਿੰਦੇ ਵਿਜੈ ਰਾਹੀਂ ਹਥਿਆਰ ਸਪਲਾਈ ਕਰਵਾਏ ਸਨ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ‘ਚ ਪੁਲੀਸ ਨੇ ਪੰਜਾਬ, ਰਾਜਸਥਾਨ ਅਤੇ ਉੱਤਰਾਖੰਡ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ ਹਨ। ਉਨ੍ਹਾਂ ਕਿਹਾ ਕਿ ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਿਜੈ ਜੋਧਪੁਰ ਤੋਂ ਹਥਿਆਰ ਅਤੇ ਗੋਲੀ-ਸਿੱਕਾ ਲੈ ਕੇ ਆਇਆ ਸੀ।
ਬਿਸ਼ਨੋਈ ਨੇ ਪੁੱਛ ਪੜਤਾਲ ਦੌਰਾਨ ਇਹ ਵੀ ਦੱਸਿਆ ਕਿ ਮੂਸੇਵਾਲਾ ਉਨ੍ਹਾਂ ਦੇ ਗਰੋਹ ਖ਼ਿਲਾਫ਼ ਸਾਜ਼ਿਸ਼ ਘੜਨ ‘ਚ ਸ਼ਾਮਲ ਸੀ ਅਤੇ ਇਸ ਲਈ ਉਹ ਉਸ ਨੂੰ ਮਾਰਨਾ ਚਾਹੁੰਦੇ ਸਨ। ‘ਮੂਸੇਵਾਲਾ ਦਾ ਨਾਮ ਸਾਡੇ ਭਰਾ ਵਿਕਰਮਜੀਤ ਸਿੰਘ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਆਇਆ ਸੀ ਪਰ ਪੰਜਾਬ ਪੁਲੀਸ ਨੇ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਮੂਸੇਵਾਲਾ ਸਾਡੇ ਸਾਥੀ ਅੰਕਿਤ ਭਾਦੂ ਦੇ ਮੁਕਾਬਲੇ ਵਿੱਚ ਵੀ ਸ਼ਾਮਲ ਸੀ। ਉਸ ਨੇ ਸਾਡੇ ਖਿਲਾਫ਼ ਕਈ ਸਾਜ਼ਿਸ਼ਾਂ ਘੜੀਆਂ ਸਨ। ਗੋਲਡੀ ਬਰਾੜ ਇਸ ਸਭ ਤੋਂ ਨਾਰਾਜ਼ ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ।’ ਉਂਜ ਬਿਸ਼ਨੋਈ ਨੇ ਇਹ ਨਹੀਂ ਦੱਸਿਆ ਕਿ ਮੂਸੇਵਾਲਾ ਨੂੰ ਕਿਸ ਨੇ ਕਤਲ ਕੀਤਾ ਹੈ। -ਆਈਏਐਨਐਸ