ਮੁੰਬਈ: ਅਦਾਕਾਰ ਸੰਜੈ ਦੱਤ ਨੇ ਅੱਜ ਇੱਥੇ ਆਪਣੇ ਪਿਤਾ ਸੁਨੀਲ ਦੱਤ ਦੇ 93ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਨੇ ਕਿਹਾ ਕਿ ਅੱਜ ਉਹ ਜੋ ਕੁਝ ਹੀ ਹੈ ਆਪਣੇ ਪਿਤਾ ਦੇ ਪਿਆਰ ਅਤੇ ਭਰੋਸੇ ਦੀ ਬਦੌਲਤ ਹੀ ਹੈ। ‘ਕੇਜੀਐੱਫ ਚੈਪਟਰ 2’ ਦੇ ਸਟਾਰ ਨੇ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੁੰਨਾ ਭਾਈ ਐੱਮਬੀਬੀਐੱਸ’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਉਸ ਦੀ ਆਪਣੇ ਪਿਤਾ ਨਾਲ ਆਖ਼ਰੀ ਫਿਲਮ ਸੀ। ਸੰਜੈ ਨੇ ਕਿਹਾ ਕਿ ਮਰਹੂਮ ਅਦਾਕਾਰ ਹਮੇਸ਼ਾ ਉਸ ਦੇ ਹੀਰੋ ਰਹਿਣਗੇ। ਉਸ ਨੇ ਟਵੀਟ ਕੀਤਾ, ”ਅੱਜ ਮੈਂ ਜੋ ਕੁਝ ਵੀ ਹਾਂ, ਤੁਹਾਡੇ ਵਿਸ਼ਵਾਸ ਅਤੇ ਪਿਆਰ ਦੀ ਬਦੌਲਤ ਹਾਂ। ਤੁਸੀਂ ਮੇਰੇ ਹੀਰੋ ਸੀ, ਹੋ ਅਤੇ ਹਮੇਸ਼ਾ ਰਹੋਗੇ। ਜਨਮ ਦਿਨ ਮੁਬਾਰਕ ਪਿਤਾ ਜੀ।” ਸਾਲ 1968 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਸੁਨੀਲ ਦੱਤ 1950 ਅਤੇ 1960 ਦੇ ਦਹਾਕੇ ਦੌਰਾਨ ਹਿੰਦੀ ਸਿਨੇਮਾ ਦੇ ਸਭ ਤੋਂ ਹਰਮਨਪਿਆਰੇ ਸਿਤਾਰਿਆਂ ਵਿੱਚੋਂ ਇੱਕ ਸਨ। ਸੁਨੀਲ ਦੱਤ ਨੇ ‘ਮਦਰ ਇੰਡੀਆ’ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ। ਇਸੇ ਦੌਰਾਨ ਉਸ ਦੀ ਮੁਲਾਕਾਤ ਨਰਗਿਸ ਨਾਲ ਹੋਈ, ਜਿਸ ਨਾਲ ਸੁਨੀਲ ਨੇ ਵਿਆਹ ਕਰਵਾਇਆ। ਸੁਨੀਲ ਦੱਤ ਦੀ ਧੀ ਅਤੇ ਕਾਂਗਰਸੀ ਆਗੂ ਪ੍ਰਿਯਾ ਦੱਤ ਨੇ ਵੀ ਇੰਸਟਾਗ੍ਰਾਮ ‘ਤੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ। -ਪੀਟੀਆਈ