ਵਾਸ਼ਿੰਗਟਨ, 9 ਜੂਨ
ਬਫ਼ਲੋ, ਨਿਊ ਯਾਰਕ, ਉਵਲਡੇ ਤੇ ਟੈਕਸਸ ਵਿੱਚ ਗੋਲੀਬਾਰੀ ਦੀਆਂ ਹਾਲੀਆ ਘਟਨਾਵਾਂ ਦਰਮਿਆਨ ਅਮਰੀਕੀ ਸਦਨ ਨੇ ਗੰਨ ਕੰਟਰੋਲ ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਵਿਚਲੀਆਂ ਵਿਵਸਥਾਵਾਂ ਤਹਿਤ ਸੈਮੀ-ਆਟੋਮੈਟਿਕ ਰਾਈਫ਼ਲ ਖਰੀਦਣ ਲਈ ਪਹਿਲਾਂ ਨਿਰਧਾਰਿਤ ਉਮਰ ਵਧਾ ਦਿੱਤੀ ਗਈ ਹੈ ਤੇ 15 ਕਾਰਤੂਸਾਂ ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਬਿੱਲ ਦੇ ਹੱਕ ਵਿੱਚ 223 ਤੇ ਵਿਰੋਧ ਵਿੱਚ 204 ਵੋਟਾਂ ਪਈਆਂ। ਉਂਜ ਇਸ ਬਿੱਲ ਦੇ ਕਾਨੂੰਨ ਦੀ ਸ਼ਕਲ ਲੈਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਸੈਨੇਟ ਦੇ ਰਿਪਬਲਿਕਨ ਮੈਂਬਰਾਂ ਵੱਲੋਂ ਗੰਨ ‘ਤੇ ਕੰਟਰੋਲ ਦੀ ਥਾਂ ਮਾਨਸਿਕ ਸਿਹਤ ਪ੍ਰੋਗਰਾਮਾਂ ‘ਚ ਸੁਧਾਰ, ਸਕੂਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਤੇ ਵਿਅਕਤੀ ਵਿਸ਼ੇਸ਼ ਦੇ ਪਿਛੋਕੜ ਦੀ ਨਿਗਰਾਨੀ ਵਧਾਉਣ ਜਿਹੇ ਉਪਰਾਲਿਆਂ ਵੱਲ ਧਿਆਨ ਕੇਂਦਰਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹੈ।
ਬਿੱਲ ‘ਤੇ ਬਹਿਸ ਦੌਰਾਨ ਰਿਪਬਲਿਕਨ ਮੈਂਬਰ ਵੈਰੋਨਿਕਾ ਐਸਕੋਬਾਰ, ਡੀ-ਟੈਕਸਸ ਨੇ ਕਿਹਾ, ”ਅਸੀਂ ਹਰ ਜ਼ਿੰਦਗੀ ਨਹੀਂ ਬਚਾਅ ਸਕਦੇ, ਪਰ ਕੀ ਸਾਨੂੰ ਇਸ ਪਾਸੇ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ? ਅਸੀਂ ਅਮਰੀਕੀ ਲੋਕਾਂ ਦੀ ਆਵਾਜ਼ ਸੁਣ ਰਹੇ ਹਾਂ ਤੇ ਅੱਜ ਅਸੀਂ ਸਦਨ ਵਿੱਚ ਤੁਹਾਡੀ ਮੰਗ ‘ਤੇ ਕਾਰਵਾਈ ਕਰ ਰਹੇ ਹਾਂ। ਇਹ ਨੋਟ ਕੀਤਾ ਜਾਵੇ ਕਿਹੜਾ ਤੁਹਾਡੇ ਨਾਲ ਹੈ ਤੇ ਕਿਹੜਾ ਨਹੀਂ।” ਉਵਲਡੇ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ ਗੋਲੀਬਾਰੀ, ਜਿਸ ਵਿੱਚ 19 ਬੱਚਿਆਂ ਤੇ ਦੋ ਅਧਿਆਪਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਦੋਵਾਂ ਪਾਰਟੀਆਂ (ਰਿਪਬਲਿਕਨ ਤੇ ਡੈਮੋਕਰੈਟ) ਦੇ ਸੰਸਦ ਮੈਂਬਰਾਂ ਨੇ ਇਸ ਪਾਸੇ ਧਿਆਨ ਧਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਵੋਟਿੰਗ ਤੋਂ ਪਹਿਲਾਂ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ, ”ਅਸੀਂ ਇਸ ਸਭ ਤੋਂ ਤੰਗ ਆ ਚੁੱਕੇ ਹਾਂ ਕਿ ਸਾਡੇ ਬੱਚਿਆਂ ਨੂੰ ਲਗਾਤਾਰ ਖੌਫ਼ ਤੇ ਡਰ ਦੇ ਮਾਹੌਲ ਵਿੱਚ ਜਿਊਣ ਲਈ ਮਜਬੂਰ ਕੀਤਾ ਜਾ ਰਿਹੈ।” ਪੈਲੋਸੀ ਨੇ ਕਿਹਾ ਕਿ ਸਦਨ ਇਸ ਮੁੱਦੇ ‘ਤੇ ਵੋਟ ਕਰਕੇ ‘ਇਤਿਹਾਸ ਬਣਾਉਣ ਦੀ ਦਿਸ਼ਾ ਵੱਲ ਅੱਗੇ ਵਧੇਗਾ।” ਉਂਜ ਅਜੇ ਇਹ ਸਪਸ਼ਟ ਨਹੀਂ ਹੈ ਕਿ ਸਦਨ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਕਿਸ ਦਿਸ਼ਾ ‘ਚ ਜਾਣਗੇ ਕਿਉਂਕਿ ਰਿਪਬਲਿਕਨਜ਼ ਅਜੇ ਵੀ ਆਪਣੇ ਵਿਰੋਧ ਨੂੰ ਲੈ ਕੇ ਦ੍ਰਿੜ ਹਨ। ਇਸ ਦੌਰਾਨ ਸਦਨ ਵੱਲੋਂ ਵੀਰਵਾਰ ਨੂੰ ਇਕ ਹੋਰ ਬਿੱਲ ਪਾਸ ਕੀਤੇ ਜਾਣ ਦੀ ਉਮੀਦ ਹੈ, ਜਿਸ ਤਹਿਤ ਪਰਿਵਾਰਾਂ, ਪੁਲੀਸ ਤੇ ਹੋਰਨਾਂ ਨੂੰ ਸੰਘੀ ਅਦਾਲਤਾਂ ਦਾ ਰੁਖ਼ ਕਰਦਿਆਂ ਅਜਿਹੇ ਲੋਕਾਂ ਤੋਂ ਹਥਿਆਰ ਵਾਪਸ ਲੈਣ ਲਈ ਅਪੀਲ ਦਾਖਲ ਕਰਨ ਦੀ ਖੁੱਲ੍ਹ ਰਹੇਗੀ, ਜੋ ਖੁ਼ਦ ਨੂੰ ਜਾਂ ਹੋਰਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। -ੲੇਪੀ