ਕੀਵ, 15 ਜੂਨ
ਰੂਸ ਦੀ ਫ਼ੌਜ ਨੇ ਯੂਕਰੇਨ ਦੇ ਲਵੀਵ ਖੇਤਰ ਵਿਚ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ ਹਨ। ਇਸ ਖੇਤਰ ਵਿਚ ‘ਨਾਟੋ’ ਵੱਲੋਂ ਯੂਕਰੇਨ ਨੂੰ ਭੇਜੇ ਗਏ ਹਥਿਆਰ ਤੇ ਅਸਲਾ ਰੱਖਿਆ ਗਿਆ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਮਿਜ਼ਾਈਲਾਂ ਇਸੇ ਅਸਲੇ ਨੂੰ ਨਿਸ਼ਾਨਾ ਬਣਾਉਣ ਲਈ ਦਾਗੀਆਂ ਗਈਆਂ ਸਨ। ਯੂਕਰੇਨ ਦੇ ਪੂਰਬੀ ਡੋਨਬਾਸ ਖੇਤਰ ਵਿਚ ਸਿਵਿਏਰੋਦੋਨੇਤਸਕ ਸ਼ਹਿਰ ਉਤੇ ਕਬਜ਼ੇ ਲਈ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਜੰਗ ਚੱਲ ਰਹੀ ਹੈ। ਰੂਸ ਪੱਖੀ ਵੱਖਵਾਦੀਆਂ ਨੇ ਦੋਸ਼ ਲਾਇਆ ਹੈ ਕਿ ਯੂਕਰੇਨੀ ਫੌਜ ਨੇ ਸ਼ਹਿਰ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਦੀ ਇਕ ਮੁਹਿੰਮ ਵਿਚ ਅੜਿੱਕਾ ਪਾਇਆ ਹੈ। ਡੋਨਬਾਸ ਖੇਤਰ ਵਰਤਮਾਨ ‘ਚ ਜੰਗ ਦਾ ਕੇਂਦਰ ਬਣਿਆ ਹੋਇਆ ਹੈ। ਕਰੀਬ 500 ਲੋਕਾਂ ਨੇ ਇਸ ਖੇਤਰ ਵਿਚ ਇਕ ਰਸਾਇਣ ਪਲਾਂਟ ਵਿਚ ਸ਼ਰਨ ਲਈ ਹੋਈ ਹੈ। ਰੂਸ ਨੇ ਇਕ ਦਿਨ ਪਹਿਲਾਂ ਹੀ ਇਸ ਪਲਾਂਟ ਵਿਚੋਂ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਦਾ ਐਲਾਨ ਕੀਤਾ ਸੀ। -ਏਪੀ
ਸੰਕਟ ਹੱਲ ਕਰਨ ‘ਚ ਭੂਮਿਕਾ ਨਿਭਾਉਣ ਲਈ ਚੀਨ ਤਿਆਰ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਉਹ ਯੂਕਰੇਨ ਸੰਕਟ ਹੱਲ ਕਰਨ ਵਿਚ ‘ਉਸਾਰੂ ਭੂਮਿਕਾ’ ਨਿਭਾਉਣ ਲਈ ਤਿਆਰ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਤੋਂ ਬਾਅਦ ਸ਼ੀ ਨੇ ਕਿਹਾ, ‘ਸਾਰੀਆਂ ਸਬੰਧਤ ਧਿਰਾਂ ਨੂੰ ਜ਼ਿੰਮੇਵਾਰ ਰੁਖ਼ ਅਪਨਾਉਣਾ ਚਾਹੀਦਾ ਹੈ, ਤਾਂ ਕਿ ਸੰਕਟ ਦੇ ਢੁੱਕਵੇਂ ਹੱਲ ਲਈ ਰਾਹ ਪੱਧਰਾ ਹੋ ਸਕੇ।’