ਕੀਵ, 16 ਜੂਨ
ਰੂਸੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਯੂਕਰੇਨ ਦੇ ਪੱਛਮੀ ਲਵੀਵ ਖੇਤਰ ਵਿਚਲੇ ਅਸਲਾ ਡਿੱਪੂ ਨੂੰ ਤਬਾਹ ਕਰਨ ਲਈ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਰੂਸ ਮੁਤਾਬਕ ਇਸ ਡਿੱਪੂ ਵਿੱਚ ਨਾਟੋ ਵੱਲੋਂ ਸਪਲਾਈ ਕੀਤੇ ਹਥਿਆਰਾਂ ਨੂੰ ਰੱਖਿਆ ਗਿਆ ਸੀ। ਉਧਰ ਪੂਰਬੀ ਯੂਕਰੇਨ ਦੇ ਅਹਿਮ ਸ਼ਹਿਰ ਲੁਹਾਂਸਕ ਦੇ ਰਾਜਪਾਲ ਨੇ ਕਿਹਾ ਕਿ ਰੂਸੀ ਫੌਜਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਯੂਕਰੇਨ ਦੇ ਪੂਰਬੀ ਡੋਨਬਾਸ ਖੇਤਰ ਵਿੱਚ ਸਿਵਿਰੋਡੋਨੇਤਸਕ ਵਿੱਚ ਹਾਲੀਆ ਹਫ਼ਤਿਆਂ ਦੌਰਾਨ ਰੂਸ ਦਾ ਰੁਖ਼ ਕਾਫ਼ੀ ਹਮਲਾਵਰ ਹੋ ਗਿਆ ਹੈ।
ਇਸ ਦੌਰਾਨ ਰੂਸ ਹਮਾਇਤੀ ਵੱਖਵਾਦੀਆਂ ਨੇ ਯੂਕਰੇਨੀ ਫੌਜਾਂ ‘ਤੇ ਸ਼ਹਿਰ ਦੇ ਐਜ਼ੋਟ ਰਸਾਇਣ ਪਲਾਂਟ ਵਿੱਚੋਂ ਆਮ ਲੋਕਾਂ ਨੂੰ ਕੱਢਣ ਦੇ ਚੱਲ ਰਹੇ ਅਮਲ ਨੂੰ ਸਾਬੋਤਾਜ ਕਰਨ ਦਾ ਦੋਸ਼ ਲਾਇਆ ਹੈ। ਇਕ ਜਾਣਕਾਰੀ ਮੁਤਾਬਕ ਪਲਾਂਟ ਵਿੱਚ 500 ਦੇ ਕਰੀਬ ਆਮ ਨਾਗਰਿਕਾਂ ਅਤੇ ਯੂਕਰੇਨੀ ਲੜਾਕੇ (ਜਿਨ੍ਹਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ) ਨੇ ਮਿਜ਼ਾਈਲ ਹਮਲਿਆਂ ਤੋਂ ਬਚਣ ਲਈ ਪਨਾਹ ਲਈ ਹੋਈ ਸੀ। ਉਂਜ ਅਜੇ ਤੱਕ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ। ਰੂਸੀ ਅਧਿਕਾਰੀਆਂ ਨੇ ਇਕ ਦਿਨ ਪਹਿਲਾਂ ਐਜ਼ੋਟ ਪਲਾਂਟ ‘ਚ ਫਸੇ ਲੋਕਾਂ ਨੂੰ ਮਨੁੱਖੀ ਲਾਂਘਾ ਦੇਣ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਕਿਹਾ ਸੀ ਕਿ ਉਹ ਇਨ੍ਹਾਂ ਆਮ ਨਾਗਰਿਕਾਂ ਨੂੰ ਯੂਕਰੇਨੀ ਨਹੀਂ ਬਲਕਿ ਰੂਸੀ ਫੌਜਾਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਲੈ ਕੇ ਜਾਣਗੇ। ਯੂਕਰੇਨੀ ਸ਼ਹਿਰ ਲੁਹਾਂਸਕ ਦੇ ਰਾਜਪਾਲ ਸੈਰਹੀ ਹੈਦਈ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਿਵਿਰੋਡੋਨੇਤਸਕ ਵਿੱਚ ਗਹਿਗੱਚ ਲੜਾਈ ਜਾਰੀ ਹੈ। ਇਸ ਦੌਰਾਨ ਨਾਟੋ ਮੈਂਬਰਾਂ ਨੇ ਯੂਕਰੇਨ ਵਿੱਚ ਲੰਮੀ ਦੂਰੀ ਵਾਲੇ ਹੋਰ ਹਥਿਆਰ ਭੇਜਣ ਦਾ ਵਾਅਦਾ ਕੀਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਇਕ ਅਰਬ ਡਾਲਰ ਦੀ ਵਾਧੂ ਮਿਲਟਰੀ ਏਡ ਭੇਜੇਗਾ, ਜਿਸ ਵਿੱਚ ਐਂਟੀ-ਸ਼ਿਪ ਮਿਜ਼ਾਈਲ ਲਾਂਚਰ, ਹੋਵਿਟਰਜ਼ਰ ਤੇ ਹਾਈ ਮੋਬਲਿਟੀ ਆਰਟਿਲਰੀ ਰਾਕੇਟ ਸਿਸਟਮਜ ਸ਼ਾਮਲ ਹੋਣਗੇ। -ੲੇਪੀ
ਫਰਾਂਸ ਦੇ ਰਾਸ਼ਟਰਪਤੀ ਕੀਵ ਨੇੜਲੇ ਨੀਮ ਸ਼ਹਿਰੀ ਖੇਤਰਾਂ ਦਾ ਦੌਰਾ
ਕੀਵ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕਿਹਾ ਕਿ ਕੀਵ ਨੇੜਲੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਰੂਸੀ ਫੌਜਾਂ ਵੱਲੋਂ ਕੀਤੇ ‘ਕਤਲੇਆਮ’ ਦੇ ਕਈ ਸੰਕੇਤ ਮਿਲੇ ਹਨ। ਯੂਕਰੇਨ ਦੀ ਹਮਾਇਤ ਵਿੱਚ ਹੋਰਨਾਂ ਯੂਰੋਪੀ ਆਗੂਆਂ ਨਾਲ ਇਰਪਿਨ ਪੁੱਜੇ ਨੇ ਫਰੈਂਚ ਰਾਸ਼ਟਰਪਤੀ ਨੇ ਇਰਪਿਨ ਅਤੇ ਕੀਵ ਨੇੜਲੇ ਹੋਰਨਾਂ ਖੇਤਰਾਂ ਦੇ ਲੋਕਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਰੂਸੀ ਫੌਜਾਂ ਨੂੰ ਰਾਜਧਾਨੀ ‘ਤੇ ਹਮਲਾ ਕਰਨ ਤੋਂ ਰੋਕੀ ਰੱਖਿਆ। ਫਰਾਂਸ, ਜਰਮਨੀ, ਇਟਲੀ ਤੇ ਰੋਮਾਨੀਆਂ ਦੇ ਆਗੂ ਵੀਰਵਾਰ ਨੂੰ ਕੀਵ ਪੁੱਜੇ ਸਨ। -ੲੇਪੀ