ਪਟਨਾ, 17 ਜੂਨ
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਗਨੀਪਥ ਯੋਜਨਾ ‘ਤੇ ਤੁਰੰਤ ਮੁੜ ਵਿਚਾਰ ਕਰੇ ਅਤੇ ਨੌਜਵਾਨਾਂ ਨੂੰ ਭਰੋਸੇ ਦਿਵਾਏ ਕਿ ਇਸ ਨਵੀਂ ਯੋਜਨਾ ਤਹਿਤ ਫੌਜ ਵਿੱਚ ਭਰਤੀ ਨਾਲ ਉਨ੍ਹਾਂ ਦੇ ਭਵਿੱਖ ‘ਤੇ ਮਾੜਾ ਅਸਰ ਨਹੀਂ ਪਏਗਾ। ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ, ਜੋ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪੁਰਾਣੇ ਸਾਥੀ ਹਨ, ਨੇ ਇਸ ਸਬੰਧ ਵਿੱਚ ਵੀਡੀਓ ਸੁਨੇਹਾ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੇ ਬਿਹਾਰ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਵਿੱਚ ਰੋਹ ਦੀ ਭਾਵਨਾ ਪੈਦਾ ਕੀਤੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਯੋਜਨਾ ਬਾਰੇ ਤੁਰੰਤ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਇਹ ਸੰਭਵ ਨਹੀਂ ਹੈ ਤਾਂ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦੇਵੇ ਕਿ ਅਗਨੀਪਥ ਯੋਜਨਾ ਉਨ੍ਹਾਂ ਦੇ ਭਵਿੱਖ ‘ਤੇ ਮਾੜਾ ਅਸਰ ਨਹੀਂ ਪਾਏਗੀ। ਜ਼ਿਕਰਯੋਗ ਹੈ ਕਿ ਰਾਜੀਵ ਰੰਜਨ ਸਿੰਘ ਨੇ ਵੀਰਵਾਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਅਗਨੀਪਥ ਯੋਜਨਾ ‘ਤੇ ਮੁੜ ਵਿਚਾਰ ਕੀਤਾ ਜਾਵੇ। -ਪੀਟੀਆਈ