ਨਵੀਂ ਦਿੱਲੀ, 20 ਜੂਨ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ (26) ਵਾਸੀ ਸੋਨੀਪਤ, ਕਸ਼ਿਸ਼ (24) ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ (29) ਵਾਸੀ ਬਠਿੰਡਾ (ਪੰਜਾਬ) ਵਜੋਂ ਹੋਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਗੁਜਰਾਤ ਦੇ ਕੱਛ ਵਿੱਚੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਗਰਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰ, ਤਿੰਨ ਪਿਸਤੌਲ ਅਤੇ ਇੱਕ ਅਸਾਲਟ ਰਾਈਫਲ ਬਰਾਮਦ ਕੀਤੀ ਗਈ ਹੈ। -ਪੀਟੀਆਈ