ਨਵੀਂ ਦਿੱਲੀ, 20 ਜੂੁਨ
ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 50 ਤੋਂ ਵੱਧ ਕਾਂਗਰਸੀ ਵਰਕਰਾਂ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਕਾਂਗਰਸੀ ਵਰਕਰ ਪਾਰਟੀ ਵੱਲੋਂ ਜੰਤਰ ਮੰਤਰ ‘ਤੇ ਅਗਨੀਪਥ ਸਕੀਮ ਖ਼ਿਲਾਫ਼ ‘ਸੱਤਿਆਗ੍ਰਹਿ’ ਪ੍ਰਦਰਸ਼ਨ ‘ਚ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਡੀਸੀਪੀ ਬ੍ਰਿਜੇਂਦਰ ਕੁਮਾਰ ਨੇ ਦੱਸਿਆ, ”ਅਸੀਂ ਲੱਗਪਗ 50-55 ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇਨ੍ਹਾਂ ਵਿੱਚ ਕਾਲਕਾ ਤੋਂ ਵਿਧਾਇਕ ਪ੍ਰਦੀਪ ਚੌਧਰੀ ਵੀ ਸ਼ਾਮਲ ਹਨ।” ਸੀਨੀਅਰ ਅਧਿਕਾਰੀਆਂ ਮੁਤਾਬਕ ਕਾਂਗਰਸੀ ਵਰਕਰ ਵੱਖ ਵੱਖ ਕਾਰਾਂ ਵਿੱਚ ਆ ਰਹੇ ਸਨ ਅਤੇ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ। ਪ੍ਰਦੀਪ ਚੌਧਰੀ ਨੇ ਕਿਹਾ, ”ਮੈਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੈਂ ਜੰਤਰ ਮੰਤਰ ‘ਤੇ ਪਾਰਟੀ ਮੈਂਬਰਾਂ ਨਾਲ ਪ੍ਰਦਰਸ਼ਨ ‘ਚ ਸ਼ਾਮਲ ਹੋਣਾ ਚਾਹੁੰਦਾ ਸੀ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਰੇਲਾ ਪੁਲੀਸ ਸਟੇਸ਼ਨ ਵਿੱਚ ਰੱਖਿਆ ਹੋਇਆ ਹੈ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਸੰਸਦ ਮੈਂਬਰਾਂ ਨੇ ਕੇਂਦਰ ਦੀ ਅਗਨੀਪਥ ਸਕੀਮ ਤੇ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਪੁੱਛ ਪੜਤਾਲ ਖ਼ਿਲਾਫ਼ ਜੰਤਰ ਮੰਤਰ ‘ਤੇ ਸੱਤਿਆਗ੍ਰਹਿ ਰਾਹੀਂ ਰੋਸ ਦਰਜ ਕਰਵਾਇਆ। ਇਸ ਤੋਂ ਇਲਾਵਾ ਯੂਥ ਕਾਂਗਰਸੀ ਕਾਰਕੁਨਾਂ ਨੇ ਵੀ ਮੁਜ਼ਹਰਾ ਕਰਦਿਆਂ ਦਿੱਲੀ ਦੇ ਸ਼ਿਵਾਜੀ ਨਗਰ ਵਿੱਚ ਰੇਲਗੱਡੀ ਰੋਕੀ। ਪੁਲੀਸ ਨੇ ਉੱਥੋਂ ਵੀ ਕੁਝ ਕਾਂਗਰਸੀ ਕਾਰਕੁਨਾਂ ਨੂੰ ਹਿਰਾਸਤ ਵਿਚ ਲਿਆ।