ਨਵੀਂ ਦਿੱਲੀ, 22 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸਾਲ ਭਾਰਤੀ ਅਰਥਵਿਵਸਥਾ 7.5 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਬ੍ਰਿਕਸ ਬਿਜ਼ਨਸ ਫੋਰਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਤੱਕ ਭਾਰਤ ਦੀ ਡਿਜੀਟਲ ਅਰਥਵਿਵਸਥਾ ਇੱਕ ਖਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗੀ। ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਬੁਨਿਆਦੀ ਢਾਂਚੇ ਤਹਿਤ ਡੇਢ ਖਰਬ ਅਮਰੀਕੀ ਡਾਲਰ ਨਿਵੇਸ਼ ਕਰਨ ਦਾ ਮੌਕਾ ਹੈ। ਮੋਦੀ ਨੇ ਕਿਹਾ, ”ਸਾਨੂੰ ਇਸ ਸਾਲ ਵਾਧਾ ਦਰ 7.5 ਫ਼ੀਸਦੀ ਰਹਿਣ ਦੀ ਉਮੀਦ ਹੈ, ਜੋ ਸਾਨੂੰ ਸਭ ਤੋਂ ਤੇਜ਼ੀ ਨਾਲ ਉਭਰ ਰਹੀ ਵੱਡੀ ਅਰਥਵਿਵਿਸਥਾ ਬਣਾ ਦੇਵੇਗੀ।” -ਪੀਟੀਆਈ