ਨਵੀਂ ਦਿੱਲੀ, 23 ਜੂਨ
ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 104ਵੇਂ ਸਥਾਨ ‘ਤੇ ਆ ਗਈ ਹੈ। ਟੀਮ ਨੂੰ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਏਸ਼ਿਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ ਭਾਰਤ 19ਵੇਂ ਸਥਾਨ ‘ਤੇ ਜਦਕਿ ਵਿਸ਼ਵ ਦਰਜਾਬੰਦੀ ਵਿੱਚ ਈਰਾਨ 23ਵੇਂ ਸਥਾਨ ‘ਤੇ ਹੈ ਅਤੇ ਏਐੱਫਸੀ ਦੇਸ਼ਾਂ ਵਿੱਚ ਸਿਖਰ ‘ਤੇ ਬਰਕਰਾਰ ਹੈ। ਦੱਸਣਯੋਗ ਹੈ ਕਿ ਸੁਨੀਲ ਛੇਤਰੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਇਸੇ ਮਹੀਨੇ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਡੀ ਵਿੱਚ ਤਿੰਨੋਂ ਲੀਗ ਮੁਕਾਬਲੇ ਜਿੱਤ ਕਿ 2023 ਵਿੱਚ ਹੋਣ ਵਾਲੇ 24 ਟੀਮਾਂ ਦੇ ਫਾਈਨਲਸ ਵਿੱਚ ਜਗ੍ਹਾ ਬਣਾਈ। ਵਿਸ਼ਵ ਦਰਜਾਬੰਦੀ ਵਿੱਚ ਬਰਾਜ਼ੀਲ ਪਹਿਲੇ ਸਥਾਨ ‘ਤੇ ਹੈ। ਉਸ ਤੋਂ ਬਾਅਦ ਬੈਲਜੀਅਮ, ਅਰਜਨਟੀਨਾ, ਫਰਾਂਸ, ਇੰਗਲੈਂਡ, ਸਪੇਨ, ਇਟਲੀ, ਨੈਦਰਲੈਂਡਜ਼, ਪੁਰਤਗਾਲ ਅਤੇ ਡੈਨਮਾਰਕ ਕ੍ਰਮਵਾਰ ਦੂਜੇ ਤੋਂ ਲੈ ਕੇ ਦਸਵੇਂ ਸਥਾਨ ‘ਤੇ ਹਨ। -ਪੀਟੀਆਈ