ਬੈਤੂਲ (ਮੱਧ ਪ੍ਰਦੇਸ਼), 24 ਜੂਨ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਬਾਰਾਤ ਲਈ ਬੁਲਡੋਜ਼ਰ ਵਰਤੇ ਜਾਣ ‘ਤੇ ਪੁਲੀਸ ਨੇ ਬੁਲਡੋਜ਼ਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ 5 ਹਜ਼ਾਰ ਰੁਪੲੇ ਜੁਰਮਾਨਾ ਲਾਇਆ ਹੈ। ਇਹ ਮਾਮਲਾ ਭੈਂਸਦੇਹੀ ਤਹਿਸੀਲ ਅਧੀਨ ਝੱਲਾਰ ਪਿੰਡ ਦਾ ਹੈ ਜਿੱਥੇ ਬੁੱਧਵਾਰ ਨੂੰ ਸਿਵਲ ਇੰਜਨੀਅਰ ਅੰਕੁਸ਼ ਜੈਸਵਾਲ ਨੇ ਬਾਰਾਤ ਲਿਜਾਣ ਲਈ ਘੋੜੀ ਚੜ੍ਹਨ ਜਾਂ ਕਾਰ ਵਿੱਚ ਬੈਠਣ ਦੀ ਬਜਾਏ ਜੇਸੀਬੀ ਮਸ਼ੀਨ ਵਿੱਚ ਬੈਠਣ ਦੀ ਚੋਣ ਕੀਤੀ ਸੀ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਅਤੇ ਕੁਝ ਫੋਟੋਆਂ ਵਿੱਚ ਜੈਸਵਾਲ ਨਾਲ ਪਰਿਵਾਰ ਦੀਆਂ ਦੋ ਔਰਤਾਂ ਵੀ ਬੁਲਡੋਜ਼ਰ ਵਿੱਚ ਬੈਠੀਆਂ ਦਿਖਾਈ ਦੇ ਰਹੀਆਂ ਹਨ। ਝੱਲਾਰ ਥਾਣਾ ਇੰਚਾਰਜ ਦੀਪਕ ਪਰਾਸ਼ਰ ਨੇ ਦੱਸਿਆ ਕਿ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਬੈਤੂਲ ਦੇ ਐੱਸ.ਪੀ. ਸਿਮਾਲਾ ਪ੍ਰਸਾਦ ਨੇ ਅਧਿਕਾਰੀਆਂ ਨੂੰ ਜੇਸੀਬੀ ਡਰਾਈਵਰ ਰਵੀ ਬਾਰਸਕਰ ਖ਼ਿਲਾਫ਼ ਮੋਟਰ ਵਾਹਨ ਐਕਟ ਦੀ ਉਲੰਘਣਾ ਤਹਿਤ ਕੇਸ ਦਰਜ ਕਰਨ ਅਤੇ 5 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਇੰਜਨੀਅਰ ਅੰਕੁਸ਼ ਜੈਸਵਾਲ ਨੇ ਕਿਹਾ ਸੀ ਕਿ ਉਹ ਉਸਾਰੀ ਦੇ ਕੰਮ ਨਾਲ ਸਬੰਧਤ ਮਸ਼ੀਨਾਂ ‘ਤੇ ਕੰਮ ਕਰਦਾ ਹੈ ਜਿਸ ਵਿੱਚ ਬੁਲਡੋਜ਼ਰ ਵੀ ਸ਼ਾਮਲ ਹੈ। ਇਸ ਕਰਕੇ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣ ਲਈ ਉਸ ਨੇ ਬੁਲਡੋਜ਼ਰ ਦੀ ਵਰਤੋਂ ਕਰਨ ਦੀ ਫ਼ੈਸਲਾ ਕੀਤਾ ਸੀ। -ਪੀਟੀਆਈ