ਜੰਮੂ, 24 ਜੂਨ
ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਅੱਜ ਚੌਥੇ ਦਿਨ ਵੀ ਬੰਦ ਰਿਹਾ ਹਾਲਾਂਕਿ ਏਜੰਸੀਆਂ ਵੱਲੋਂ ਵੱਡੇ ਪੱਥਰਾਂ ਨੂੰ ਧਮਾਕੇ ਕਰਕੇ ਹਟਾਏ ਜਾਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇਅ ‘ਤੇ ਵੱਡੇ ਪੱਥਰਾਂ ਨੂੰ ਧਮਾਕੇ ਕਰਕੇ ਹਟਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਰਾਮਬਨ ਅਤੇ ਊਧਮਪੁਰ ਜ਼ਿਲ੍ਹਿਆਂ ਵਿੱਚ 33 ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਹਾਈਵੇਅ ਬੰਦ ਹੋ ਗਿਆ ਸੀ। ਇਸ ਤੋਂ ਇਲਾਵਾ ਸੜਕ ਦਾ 150 ਫੁਟ ਲੰਮਾ ਹਿੱਸਾ ਟੁੱਟ ਕੇ ਪਾਣੀ ਵਿੱਚ ਰੁੜ੍ਹ ਗਿਆ ਸੀ। ਜੰਮੂ-ਕਸ਼ਮੀਰ ਆਵਾਜਾਈ ਵਿਭਾਗ ਨੇ ਦੱਸਿਆ ਕਿ ਸ੍ਰੀਨਗਰ-ਸੋਨਮਰਗ-ਗੁਮਰੀ ਸੜਕ ਮੁਰੰਮਤ ਲਈ ਬੰਦ ਹੈ ਹਾਲਾਂਕਿ ਮੁਗਲ ਰੋਡ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ ਦੇ ਬਨਿਹਾਲ-ਊਧਮਪੁਰ ਹਿੱਸੇ ‘ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਅਤੇ ਊਧਮਪੁਰ ਜ਼ਿਲ੍ਹੇ ਵਿੱਚ ਹਾਈਵੇਅ ‘ਤੇ ਚਟਾਨਾਂ ਨੂੰ ਧਮਾਕਿਆਂ ਨਾਲ ਹਟਾਇਆ ਗਿਆ ਹੈ। ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਪੱਥਰ ਟੁੱਟ ਕੇ ਡਿੱਗਣ ਕਾਰਨ ਮੰਗਲਵਾਰ ਸ਼ਾਮ ਨੂੰ ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। -ਪੀਟੀਆਈ