ਨਵੀਂ ਦਿੱਲੀ, 26 ਜੂਨ
ਕੇਂਦਰ ਨੇ ਸ਼ਿਵ ਸੈਨਾ ਦੇ ਘੱਟੋ-ਘੱਟ 15 ਬਾਗੀ ਵਿਧਾਇਕਾਂ ਨੂੰ ਸੀਆਰਪੀਐੱਫ ਕਮਾਂਡੋਜ਼ ਦੀ ਵਾਈ ਪਲੱਸ ਸੁਰੱਖਿਆ ਦੇ ਦਿੱਤੀ ਹੈ। ਕੇਂਦਰ ਨੇ ਜਿਨ੍ਹਾਂ ਨੂੰ ਸੁਰੱਖਿਆ ਦਿੱਤੀ ਹੈ ਉਨ੍ਹਾਂ ਵਿੱਚ ਰਮੇਸ਼ ਬੋਰਨਾਰੇ, ਮੰਗੇਸ਼ ਕੁਡਾਲਕਰ, ਸੰਜੇ ਸ਼ਿਰਸਤ, ਲਤਾਬਾਈ ਸੋਨਾਵਨੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਮਹਾਰਾਸ਼ਟਰ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਸੁਰੱਖਿਅਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਗ੍ਰਹਿ ਮੰਤਰਾਲੇ ਨੂੰ ਕੀਤੀ ਗਈ ਸਿਫ਼ਾਰਸ਼ ਤੋਂ ਬਾਅਦ ਵਿਧਾਇਕਾਂ ਨੂੰ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਮੌਜੂਦਾ ਰਾਜਨੀਤਿਕ ਸਥਿਤੀ ਦੇ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਭਾਵੀ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਦੇਣੀ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਲਗਭਗ ਚਾਰ ਤੋਂ ਪੰਜ ਕਮਾਂਡੋ, ਸ਼ਿਫਟਾਂ ਵਿੱਚ ਹਰ ਵਿਧਾਇਕ ਦੀ ਮਹਾਰਾਸ਼ਟਰ ਵਿੱਚ ਸੁਰੱਖਿਆ ਕਰਨਗੇ। ਬੀਤੇ ਦਿਨ ਰਾਜ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ।