ਮੁੰਬਈ: ਫਿਲਮਸਾਜ਼ ਰੋਹਿਤ ਸ਼ੈਟੀ ਨੇ ਆਪਣੀ ਆਉਣ ਵਾਲੀ ਫਿਲਮ ‘ਸਰਕਸ’ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੇ ਵਿਲੀਅਮ ਸ਼ੇਕਸਪੀਅਰ ਦੇ ਕਲਾਸਿਕ ਨਾਟਕ ‘ਦਿ ਕਾਮੇਡੀ ਆਫ ਐਰਰਜ਼’ ਨੂੰ ਇੱਕ ਵਿਲੱਖਣ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਲਾਂ ਤੋਂ ਸ਼ੇਕਸਪੀਅਰ ਦੀ ਕਾਮੇਡੀ ਜੁੜਵਾਂ ਬੱਚਿਆਂ ਦੇ ਦੋ ਸੈੱਟਾਂ ਦੁਆਲੇ ਘੁੰਮ ਰਹੀ ਹੈ, ਜਿਸ ਨੂੰ ਕਿਸ਼ੋਰ ਕੁਮਾਰ ਦੀ 1968 ਵਿੱਚ ਆਈ ਫਿਲਮ ‘ਦੋ ਦੂਨੀ ਚਾਰ’ ਅਤੇ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਸਾਲ 1982 ਵਿੱਚ ਬਣੀ ਫਿਲਮ ‘ਅੰਗੂਰ’ ਸਮੇਤ ਕਈ ਹੋਰ ਫਿਲਮਸਾਜ਼ਾਂ ਨੇ ਆਪਣੀਆਂ ਫਿਲਮਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ੈਟੀ ਨੇ ਕਿਹਾ ਕਿ ਫਿਲਮ ‘ਸਰਕਸ’ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ। ਉਸ ਨੇ ਕਿਹਾ, ”ਨਾਟਕ ‘ਦਿ ਕਾਮੇਡੀ ਆਫ ਐਰਰਜ਼’ ਦੇ ਕਈ ਸੰਸਕਰਨ ਮੌਜੂਦ ਹਨ। ਬੰਗਾਲੀ ਸਿਨੇਮਾ ਵਿੱਚ ਕਿਸ਼ੋਰ ਕੁਮਾਰ ਨੂੰ ਲੈ ਕੇ ਬਲੈਕ ਐਂਡ ਵ੍ਹਾਈਟ ਫਿਲਮ ‘ਦੋ ਦੂਨੀ ਚਾਰ’ ਬਣੀ ਸੀ …ਕਿਉਂਕਿ ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਹੈ ਇਸ ਲਈ ਸਾਡੀ ਫਿਲਮ ਇੱਕ ਵੱਖਰੀ ਕਿਸਮ ਦੀ ਹੈ।” ਫਿਲਮ ਨਿਰਮਾਤਾ ਨੇ ਕਿਹਾ ਕਿ ‘ਸਰਕਸ’ ਵੀ ਉਸ ਦੀਆਂ ਬਾਕੀ ਬਲੌਕਬਸਟਰ ਕਾਮੇਡੀ ਫਿਲਮਾਂ ‘ਗੋਲਮਾਲ’ ਅਤੇ ‘ਆਲ ਦਿ ਬੈਸਟ’ ਵਾਂਗ ਹਾਸਿਆਂ ਨਾਲ ਭਰਪੂਰ ਫਿਲਮ ਹੈ। ਇਸ ਫਿਲਮ ਵਿੱਚ ਪੂਜਾ ਹੇਗੜੇ, ਜੈਕੁਲਿਨ ਫਰਨਾਂਡੇਜ਼, ਵਰੁਣ ਸ਼ਰਮਾ, ਸਿਧਾਰਥ ਯਾਦਵ, ਜੌਨੀ ਲੀਵਰ, ਸੰਜੈ ਮਿਸ਼ਰਾ ਅਤੇ ਵਰਜੇਸ਼ ਹੀਰਜੀ ਸਮੇਤ ਕਈਆਂ ਨੇ ਕੰਮ ਕੀਤਾ ਹੈ। ਫਿਲਮ ‘ਸਰਕਸ’ 23 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ‘ਖਤਰੋਂ ਕੇ ਖਿਲਾੜੀ’ ਦੇ 12ਵੇਂ ਸੀਜ਼ਨ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। -ਪੀਟੀਆਈ