ਨਵੀਂ ਦਿੱਲੀ, 27 ਜੂਨ
ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਉਹ ਹਮਾਇਤ ਜੁਟਾਉਣ ਲਈ ਭਾਜਪਾ ਵਿਚਲੇ ਆਪਣੇ ਪੁਰਾਣੇ ਸਾਥੀਆਂ ਤੱਕ ਪਹੁੰਚ ਕਰਨਗੇ। ਅਗਲੇ ਮਹੀਨੇ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਯਸ਼ਵੰਤ ਸਿਨਹਾ ਨੇ ਆਪਣੀ ਵਿਰੋਧੀ ਐੱਨਡੀੲੇ ਉਮੀਦਵਾਰ ਦਰੋਪਦੀ ਮੁਰਮੂ ਦੀ ਉਮੀਦਵਾਰੀ ਨੂੰ ‘ਪ੍ਰਤੀਕਵਾਦ ਦੀ ਸਿਆਸਤ’ ਦਾ ਹਿੱਸਾ ਦੱਸਿਆ। ਸਿਨਹਾ ਨੇ ਕਿਹਾ ਕਿ ਉਹ ਇਹ ਚੋਣਾਂ ਮੋਦੀ ਸਰਕਾਰ ਦੇ ਪੱਛੜੇ ਭਾਈਚਾਰਿਆਂ ਦੀ ਭਲਾਈ ਬਾਰੇ ਪਿਛਲੇ ਟਰੈਕ ਰਿਕਾਰਡ ਦੇ ਆਧਾਰ ‘ਤੇ ਲੜਨਗੇ। ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਗਵਾਂ ਪਾਰਟੀ ਲੋਕਤੰਤਰ ਤੋਂ ਊਣੀ ਹੈ। ਉਨ੍ਹਾਂ ਕਿਹਾ, ”ਜਿਸ ਭਾਜਪਾ ਦਾ ਕਦੇ ਮੈਂ ਹਿੱਸਾ ਸੀ ਉਸ ਵਿੱਚ ਅੰਦਰੂਨੀ ਲੋਕਤੰਤਰ ਸੀ, ਪਰ ਮੌਜੂਦਾ ਭਾਜਪਾ ਵਿੱਚ ਇਸ ਦੀ ਘਾਟ ਰੜਕਦੀ ਹੈ।” ਸਿਨਹਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ‘ਚ ਵਿੱਤ ਤੇ ਵਿਦੇਸ਼ ਮੰਤਰੀ ਰਹੇ ਹਨ। ਸਾਲ 2018 ਵਿੱਚ ਉਨ੍ਹਾਂ ਭਾਜਪਾ ‘ਚੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ