ਕੁਆਲਾਲੰਪੁਰ: ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਖਿਡਾਰਨ ਪੀ.ਵੀ ਸਿੰਧੂ ਇੰਡੋਨੇਸ਼ੀਆ ‘ਚ ਪਹਿਲੇ ਗੇੜ ਵਿੱਚ ਮਿਲੀ ਹਾਰ ਤੋਂ ਉਭਰਨ ਦੀ ਕੋਸ਼ਿਸ਼ ਕਰੇਗੀ। ਇਸੇ ਤਰ੍ਹਾਂ ਐੱਚਐੱਸ ਪ੍ਰਣਯ ਲਗਾਤਾਰਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਦੋ ਵਾਰ ਦੀ ਸੋਨ ਤਗਮਾ ਜੇਤੂ ਸਿੰਧੂ ਨੂੰ ਇਸੇ ਮਹੀਨੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਚੀਨ ਦੀ ਹੀ ਬਿੰਗ ਜਿਆਓ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੂਰਨਾਮੈਂਟ ਵਿੱਚ ਉਸ ਦਾ ਮੁਕਾਬਲਾ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨਾਲ ਹੋਵੇਗਾ। ਇਸੇ ਤਰ੍ਹਾਂ ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਸਾਇਨਾ ਨੇਹਵਾਲ ਦਾ ਪਹਿਲਾ ਮੁਕਾਬਲਾ ਅਮਰੀਕਾ ਦਾ ਆਇਰਿਸ ਵੈਂਗ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਪ੍ਰਣਯ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ ਥਾਮਸ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਫਿਰ ਜਕਾਰਤਾ ਵਿੱਚ ਸੈਮੀਫਾਈਨਲ ‘ਚ ਪਹੁੰਚਿਆ। -ਪੀਟੀਆਈ