ਇਸਲਾਮਾਬਾਦ, 29 ਜੂਨ
ਪਾਕਿਸਤਾਨ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਰਤਾਨਵੀ ਸਿੱਖ ਫ਼ੌਜੀਆਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ‘ਅਟੁੱਟ ਵਚਨਬੱਧਤਾ’ ਦਾ ਅਮਲੀ ਪ੍ਰਗਟਾਵਾ ਹੈ। ਬਰਤਾਨੀਆ ਦੀ ‘ਫੀਲਡ ਆਰਮੀ’ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਸੇਲੀਆ ਜੇ. ਹਾਰਵੇ ਦੀ ਅਗਵਾਈ ‘ਚ 12 ਮੈਂਬਰੀ ਗਰੁੱਪ ਨੇ ਰਾਵਲਪਿੰਡੀ ਸਥਿਤ ਥਲ ਸੈਨਾ ਹੈੱਡਕੁਆਰਟਰ ‘ਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਬਾਜਵਾ ਨੇ ਵਫ਼ਦ ਨੂੰ ਦੱਸਿਆ ਕਿ ਪਾਕਿਸਤਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਮੰਨਦਾ ਹੈ ਕਿ ਦੇਸ਼ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਵਫ਼ਦ ਨੇ ਮੁਲਕ ਵਿਚਲੇ ਸਿੱਖਾਂ ਨਾਲ ਸਬੰਧਤ ਧਾਰਮਿਕ ਤੇ ਇਤਿਹਾਸਕ ਅਸਥਾਨਾ ਦਾ ਦੌਰਾ ਵੀ ਕੀਤਾ। ਵਾਹਗਾ ਬਾਰਡਰ ‘ਤੇ ਸ਼ਾਮ ਵੇਲੇ ਝੰਡਾ ਉਤਾਰਨ ਦੀ ਰਸਮ ਦਾ ਆਨੰਦ ਵੀ ਵਫਦ ਨੇ ਮਾਣਿਆ।