ਲੰਡਨ: ਇੰਗਲੈਂਡ ਦੇ ਕ੍ਰਿਕਟਰ ਇਓਨ ਮੋਰਗਨ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਦੇ 2015 ਦੇ ਵਿਸ਼ਵ ਕੱਪ ਵਿੱਚ ਮਾੜੇ ਪ੍ਰਦਰਸ਼ਨ ਮਗਰੋਂ ਮੋਰਗਨ ਨੇ ਟੀਮ ਦੀ ਕਮਾਨ ਸੰਭਾਲਿਆਂ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਟੀਮ ਨੂੰ ਨਵੀਂਆਂ ਬੁਲੰਦੀਆਂ ‘ਤੇ ਪਹੁੰਚਾਇਆ। ਇਓਨ ਮੋਰਗਨ ਨੇ ਕਿਹਾ, ”ਸੰਨਿਆਸ ਦਾ ਫ਼ੈਸਲਾ ਸੌਖਾ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਮੇਰੇ ਲਈ ਅਜਿਹਾ ਕਰਨ ਦਾ ਇਹ ਸਹੀ ਸਮਾਂ ਹੈ।” ਮੋਰਗਨ ਦੀ ਅਗਵਾਈ ਵਿੱਚ ਹੀ ਇੰਗਲੈਂਡ ਨੇ 2019 ਵਿੱਚ ਪਹਿਲੀ ਵਾਰ ਕੌਮਾਂਤਰੀ ਇੱਕ ਦਿਨਾ ਵਿਸ਼ਵ ਕੱਪ ਜਿੱਤਿਆ। ਉਹ 2010 ਵਿੱਚ ਇੰਗਲੈਂਡ ਦੀ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਸ਼ਾਮਲ ਸਨ। ਮੋਰਗਨ ਦੀ ਕਪਤਾਨੀ ਵਿੱਚ ਟੀਮ 2016 ਦੇ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀ। ਇਓਨ ਮੋਰਗਨ ਦੇ ਨਾਮ ਇੱਕ ਦਿਨਾ (225 ਮੈਚ) ਅਤੇ ਟੀ-20 (115 ਮੈਚ) ਕ੍ਰਿਕਟ ਦੇ ਦੋਵੇਂ ਰੂਪਾਂ ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ। -ਏਪੀ