ਨਵੀਂ ਦਿੱਲੀ, 30 ਜੂਨ
ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਹੋਈ ਕੀਮਤ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤੀ ਕਰੰਸੀ ਦੀ ਸਥਿਤੀ ਵਿਸ਼ਵ ਪੱਧਰ ਦੀਆਂ ਕਰੰਸੀਆਂ ਦੇ ਮੁਕਾਬਲੇ ਬਿਹਤਰ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਪੈਦਾ ਹੋਏ ਅਸਥਿਰਤਾ ਦੇ ਮਾਹੌਲ, ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਕੇਂਦਰੀ ਬੈਂਕਾਂ ਵੱਲੋਂ ਅਪਣਾਈਆਂ ਜਾਂਦੀਆਂ ਵਿੱਤੀ ਯੋਜਨਾਵਾਂ ਕਾਰਨ ਕਈ ਦੇਸ਼ਾਂ ਦੀਆਂ ਕਰੰਸੀਆਂ ਦੀ ਕੀਮਤ ਡਾਲਰ ਦੇ ਮੁਕਾਬਲੇ ਘਟੀ ਹੈ। ਇਸ ਸਬੰਧ ਵਿੱਚ ਸੀਤਾਰਮਨ ਨੇ ਕਿਹਾ ਕਿ ਭਾਰਤੀ ਕਰੰਸੀ ਦੀ ਸਥਿਤੀ ਬਿਹਤਰ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 79 ਰੁਪਏ ਤੋਂ ਵਧ ਦਰਜ ਕੀਤੀ ਗਈ ਸੀ। ਇਸੇ ਦੌਰਾਨ ਵੀਰਵਾਰ ਨੂੰ ਭਾਰਤੀ ਕਰੰਸੀ ਵਿੱਚ 13 ਪੈਸਿਆਂ ਦਾ ਸੁਧਾਰ ਹੋਇਆ ਹੈ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 78.90 ਰੁਪਏ ਹੋ ਗਈ ਹੈ।
ਫਰਵਰੀ ਮਹੀਨੇ ਵਿੱਚ ਜਦੋਂ ਰੂਸ ਤੇ ਯੂਕਰੇਨ ਵਿੱਚ ਜੰਗ ਛਿੜੀ ਸੀ ਤਾਂ ਰਿਜ਼ਰਵ ਬੈਂਕ ਨੇ ਭਾਰਤੀ ਕਰੰਸੀ ਦੀ ਕੀਮਤ ਨੂੰ ਵਿਸ਼ਵ ਪੱਧਰ ਇਕਦਮ ਹੇਠਾਂ ਜਾਣ ਤੋਂ ਬਚਾਉਣ ਲਈ ਕਈ ਕਦਮ ਚੁੱਕੇ ਸਨ। ਬੀਤੇ ਹਫਤੇ ਰਿਜ਼ਰਵ ਬੈਂਕ ਦੇ ਡਿਪਟੀ ਗਵਨਰ ਮਾਈਕਲ ਡੀ. ਪਾਤਰਾ ਨੇ ਰੁਪਏ ਦੀ ਕੀਮਤ ਵਿੱਚ ਸਥਿਰਤਾ ਲਿਆਉਣ ਲਈ ਵਚਨਬੱਧਤਾ ਪ੍ਰਗਟਾਈ ਸੀ ਤੇ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਵੀ ਜਾ ਰਹੇ ਹਨ। -ਪੀਟੀਆਈ