ਮੈਡਰਿਡ, 30 ਜੂਨ
ਆਲਮੀ ਸਥਿਰਤਾ ਲਈ ਰੂਸ ਨੂੰ ‘ਸਿੱਧਾ ਖਤਰਾ’ ਤੇ ਚੀਨ ਨੂੰ ‘ਗੰਭੀਰ ਚੁਣੌਤੀ’ ਕਰਾਰ ਦੇਣ ‘ਤੇ ਅੱਜ ਮਾਸਕੋ ਤੇ ਪੇਈਚਿੰਗ ਨੇ ਨਾਟੋ ਨੂੰ ਕਰਾਰੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਪੱਛਮੀ ਫੌਜੀ ਗੱਠਜੋੜ ਨੇ ਮੈਡਰਿਡ ‘ਚ ਇੱਕ ਸਿਖਰ ਸੰਮੇਲਨ ਦੀ ਸਮਾਪਤੀ ਦੌਰਾਨ ਸਖਤ ਚਿਤਾਵਨੀ ਜਾਰੀ ਕੀਤੀ ਸੀ ਕਿ ਸਾਈਬਰ ਹਮਲਿਆਂ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਦੁਨੀਆ ਵੱਡੀਆਂ ਸ਼ਕਤੀਆਂ ਵਿਚਾਲੇ ਮੁਕਾਬਲੇ ਤੇ ਅਣਗਿਣਤ ਖਤਰਿਆਂ ਦੇ ਇੱਕ ਖਤਰਨਾਕ ਦੌਰ ‘ਚ ਘਿਰ ਗਈ ਹੈ।
ਨਾਟੋ ਮੁਲਕਾਂ ਦੇ ਆਗੂਆਂ ਨੇ ਤੁਰਕੀ ਦੇ ਇਤਰਾਜ਼ ਦੂਰ ਕਰਨ ਮਗਰੋਂ ਫਿਨਲੈਂਡ ਤੇ ਸਵੀਡਨ ਨੂੰ ਵੀ ਰਸਮੀ ਤੌਰ ‘ਤੇ ਗੱਠਜੋੜ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜੇਕਰ ਨੌਰਡਿਕ ਮੁਲਕਾਂ ਨਾਲ ਸਬੰਧਤ 30 ਮੈਂਬਰ ਇਸ ਲਈ ਤਿਆਰ ਹੋ ਜਾਂਦੇ ਹਨ ਤਾਂ ਨਾਟੋ ਨੂੰ ਰੂਸੀ ਸਰਹੱਦ ਨਾਲ 800 ਮੀਲ ਦਾ ਹੋਰ ਇਲਾਕਾ ਮਿਲ ਜਾਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਫਿਨਲੈਂਡ ਤੇ ਸਵੀਡਨ ਨੇ ਆਪੋ ਆਪਣੇ ਇਲਾਕਿਆਂ ‘ਚ ਨਾਟੋ ਦਸਤਿਆਂ ਜਾਂ ਫੌਜੀ ਢਾਂਚੇ ਦੀ ਇਜਾਜ਼ਤ ਦਿੱਤੀ ਤਾਂ ਉਹ ਇਸ ਦਾ ਜਵਾਬ ਇਸੇ ਢੰਗ ਨਾਲ ਦੇਣਗੇ। -ਏਪੀ
ਰੂਸੀ ਸੰਸਦ ਮੈਂਬਰਾਂ ਵੱਲੋਂ ਵਿਦੇਸ਼ੀ ਮੀਡੀਆ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਮਨਜ਼ੂਰ
ਮਾਸਕੋ: ਰੂਸ ਦੀ ਸੰਸਦ ਦੇ ਹੇਠਲੇ ਸਦਨ ਨੇ ਅੱਜ ਇੱਥੇ ਉਸ ਬਿੱਲ ‘ਤੇ ਮੋਹਰ ਲਗਾ ਦਿੱਤੀ ਹੈ, ਜਿਸ ਤਹਿਤ ਰੂਸੀ ਨਿਊਜ਼ ਅਦਾਰਿਆਂ ਖ਼ਿਲਾਫ਼ ਹੋਰ ਦੇਸ਼ਾਂ ਦੀ ਕਾਰਵਾਈ ਦੇ ਜੁਆਬ ਵਿੱਚ ਵਿਦੇਸ਼ੀ ਮੀਡੀਆ ‘ਤੇ ਰੋਕ ਲਗਾਈ ਜਾ ਸਕੇਗੀ। ਡਿਊਮਾ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਸੰਸਦ ਦਾ ਉੱਪਰਲਾ ਸਦਨ ਵੀ ਇਸ ਬਿੱਲ ‘ਤੇ ਜਲਦੀ ਹੀ ਮੋਹਰ ਲਗਾਏਗਾ, ਜਿਸ ਮਗਰੋਂ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਦੇ ਦਸਤਖ਼ਤ ਮਗਰੋਂ ਇਹ ਕਾਨੂੰਨ ਬਣ ਜਾਵੇਗਾ। ਰੂਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਵਾਰ-ਵਾਰ ਸ਼ਿਕਾਇਤ ਕੀਤੀ ਹੈ ਕਿ ਪੱਛਮੀ ਦੇਸ਼ ਰੂਸ ਦੇ ਪੱਤਰਕਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਕੇ ਅਤੇ ਉਨ੍ਹਾਂ ਦੇ ਕੰਮ-ਕਾਜ ਨੂੰ ਰੋਕ ਕੇ ਗਲਤ ਤਰੀਕੇ ਨਾਲ ਰੂਸੀ ਮੀਡੀਆ ‘ਤੇ ਰੋਕਾਂ ਲਗਾ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਜੂਨ ਦੇ ਸ਼ੁਰੂ ਵਿੱਚ ਦਿ ਐਸੋਸੀਏਟਡ ਪ੍ਰੈੱਸ ਸਮੇਤ ਅਮਰੀਕੀ ਮੀਡੀਆ ਦੇ ਪ੍ਰਤੀਨਿਧਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਵੀਜ਼ਾ ਅਤੇ ਮਾਨਤਾ ਦੇ ਨਵੀਨੀਕਰਨ ਤੋਂ ਰੋਕਿਆ ਜਾ ਸਕਦਾ ਹੈ। -ਏਪੀ
ਯੂਕਰੇਨ ਨੂੰ ਹੋਰ ਫੌਜੀ ਮਦਦ ਭੇਜੇਗਾ ਸਵੀਡਨ
ਨਾਟੋ ਸੰਮੇਲਨ ਦੌਰਾਨ ਸਵੀਡਨ ਨੇ ਅੱਜ ਕਿਹਾ ਕਿ ਉਸ ਨੇ ਯੂਕਰੇਨ ਦੀ ਅਪੀਲ ਅਨੁਸਾਰ ਉਸ ਨੂੰ ਟੈਂਕ ਰੋਕੂ ਹਥਿਆਰ, ਸੁਰੰਗਾਂ ਹਟਾਉਣ ਜਾਂ ਤਬਾਹ ਕਰਨ ਵਾਲੇ ਉਪਕਰਨਾਂ ਅਤੇ ਹੋਰ ਹਥਿਆਰਾਂ ਤੋਂ ਇਲਾਵਾ ਵਾਧੂ ਫੌਜੀ ਮਦਦ ਭੇਜਣ ਦੀ ਯੋਜਨਾ ਬਣਾਈ ਹੈ। ਇਹ ਫੌਜੀ ਮਦਦ ਤਕਰੀਬਨ 49 ਮਿਲੀਅਨ ਡਾਲਰ ਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਵੀਡਨ ਦੇ ਰੱਖਿਆ ਮੰਤਰੀ ਪੀਟਰ ਹਲਟਕਵਿਸਟ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਯੂਰੋਪ ਦੇ ਜਮਹੂਰੀ ਮੁਲਕਾਂ ਤੋਂ ਯੂਕਰੇਨ ਨੂੰ ਸਹਿਯੋਗ ਜਾਰੀ ਰਹੇ ਤੇ ਇਹ ਲੰਮਾ ਸਮਾਂ ਚੱਲੇ। ਉਨ੍ਹਾਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਫੌਜੀ ਸਾਜ਼ੋ-ਸਾਮਾਨ ਕਿਵੇਂ ਤੇ ਕਦੋਂ ਤੱਕ ਯੂਕਰੇਨ ਨੂੰ ਪਹੁੰਚਾਇਆ ਜਾਵੇਗਾ। -ਪੀਟੀਆਈ