ਬੰਗਲੁਰੂ: ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਤਿਆਰੀ ਲਈ ਲਗਾਏ ਗਏ ਕੈਂਪ ਵਿੱਚ ਸਟਰਾਈਕਰ ਗੁਰਜੰਟ ਸਿੰਘ ਤੇ ਮੁੱਖ ਕੋਚ ਗ੍ਰਾਹਮ ਰੀਡ ਸਣੇ ਸਹਿਯੋਗੀ ਸਟਾਫ ਦੇ ਤਿੰਨ ਮੈਂਬਰਾਂ ਦੇ ਕਰੋਨਾ ਟੈਸਟ ਪਾਜ਼ੇਟਿਵ ਆਏ ਹਨ। ਬੀਤੇ ਦਿਨ ਇਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਲਿਆ ਗਿਆ ਸੀ। ਟੀਮ ਦਾ ਵੀਡੀਓ ਵਿਸ਼ਲੇਸ਼ਕ ਅਸ਼ੋਕ ਕੁਮਾਰ ਚਿੱਤਰਾਸਵਾਮੀ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤਰ੍ਹਾਂ ਖਿਡਾਰੀ ਅਸ਼ੀਸ਼ ਕੁਮਾਰ ਟ੍ਰੋਪਨੋ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਕੈਂਪ ਵਿੱਚ 31 ਖਿਡਾਰੀ ਸ਼ਾਮਲ ਹਨ ਜਿਨ੍ਹਾਂ ਵਿੱਚ ਪੀਆਰ ਸ੍ਰੀਜੇਸ਼, ਮਨਪ੍ਰੀਤ ਸਿੰਘ, ਪਵਨ, ਲਲਿਤ ਕੁਮਾਰ ਉਪਾਧਿਆਏ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਤੇ ਅਮਿਤ ਰੋਹਦਾਸ ਆਦਿ ਸ਼ਾਮਲ ਹਨ। ਇਹ ਖਿਡਾਰੀ ਐੱਫਆਈਐੱਚ ਹਾਕੀ ਪ੍ਰੋ-ਲੀਗ ਵਿੱਚ ਬੈਲਜੀਅਮ ਤੇ ਨੀਦਰਲੈਂਡ ਖ਼ਿਲਾਫ਼ ਖੇਡਣ ਲਈ ਕੈਂਪ ਵਿੱਚ ਅਭਿਆਸ ਲਈ ਪਹੁੰਚੇ ਹੋਏ ਹਨ। ਇਹ ਕੈਂਪ 13 ਜੁਲਾਈ ਨੂੰ ਸਮਾਪਤ ਹੋਵੇਗਾ ਜਿਸ ਤੋਂ ਬਾਅਦ ਟੀਮ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਵੇਗੀ। -ਪੀਟੀਆਈ