ਪੈਰਿਸ, 1 ਜੁਲਾਈ
ਪੈਰਿਸ ਦੇ ਚਾਰਲਸ ਡੀ ਗੌਲੇ ਹਵਾਈ ਅੱਡੇ ‘ਤੇ ਅੱਜ ਉਡਾਣਾਂ ‘ਚ ਅੜਿੱਕੇ ਪਏ ਕਿਉਂਕਿ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਤਨਖਾਹ ‘ਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕਰਦਿਆਂ ਪ੍ਰਦਰਸ਼ਨ ਕੀਤੇ। ਇਹ ਕਾਮੇ ਵਧ ਰਹੀ ਮਹਿੰਗਾਈ ਕਾਰਨ ਤਨਖਾਹ ‘ਚ ਵਾਧੇ ਦੀ ਮੰਗ ਕਰ ਰਹੇ ਹਨ। ਫਰਾਂਸ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਕਿਹਾ ਕਿ 17 ਫ਼ੀਸਦੀ ਉਡਾਣਾਂ ਸਵੇਰੇ 7 ਤੋਂ ਦੁਪਹਿਰ 2 ਵਜੇ ਵਿਚਕਾਰ ਰੱਦ ਕਰ ਦਿੱਤੀਆਂ ਗਈਆਂ ਸਨ। ਮੁਲਾਜ਼ਮ ਯੂਨੀਅਨਾਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਐਤਵਾਰ ਤੱਕ ਜਾਰੀ ਰਹਿ ਸਕਦੀ ਹੈ। ਪੈਰਿਸ ਹਵਾਈ ਅੱਡੇ ਦੇ ਕਾਮੇ ਪਹਿਲੀ ਜਨਵਰੀ ਤੋਂ ਤਨਖਾਹ ‘ਚ 6 ਫ਼ੀਸਦੀ ਦਾ ਵਾਧਾ ਚਾਹੁੰਦੇ ਹਨ ਜਦਕਿ ਪ੍ਰਬੰਧਕ ਸਿਰਫ਼ ਤਿੰਨ ਫ਼ੀਸਦੀ ਤਨਖਾਹ ਵਧਾਉਣ ਲਈ ਤਿਆਰ ਹੈ। -ਏਪੀ