ਲੰਡਨ, 1 ਜੁਲਾਈ
ਮੁੱਖ ਅੰਸ਼
- ਕੰਜ਼ਰਵੇਟਿਵ ਪਾਰਟੀ ਦੇ ਉਪ ਮੁੱਖ ਵਿਪ੍ਹ ਵੱਲੋਂ ਅਸਤੀਫ਼ਾ
- ਕਲੱਬ ‘ਚ ਜ਼ਿਆਦਾ ਸ਼ਰਾਬ ਪੀਣ ‘ਤੇ ਮੰਗੀ ਮੁਆਫ਼ੀ
ਬਰਤਾਨੀਆ ਦੀ ਸਰਕਾਰ ਸ਼ਰਾਬ ਪੀਣ ਦੀ ਇਕ ਘਟਨਾ ਦੇ ਸਿਲਸਿਲੇ ਵਿਚ ਆਪਣੇ ਉਪ ਮੁੱਖ ਵਿਪ੍ਹ ਦੇ ਅਸਤੀਫ਼ੇ ਮਗਰੋਂ ਇਕ ਹੋਰ ਸ਼ਰਾਬ ਕਾਂਡ ਵਿਚ ਫਸ ਗਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਅੱਜ ਇਸ ਸੰਸਦ ਮੈਂਬਰ ਨੂੰ ਕੰਜ਼ਰਵੇਟਿਵ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ। ਕ੍ਰਿਸ ਪਿੰਚਰ ਜਿਨ੍ਹਾਂ ਦੀ ਭੂਮਿਕਾ ਸੰਸਦ ਵਿਚ ਟੋਰੀ ਮੈਂਬਰਾਂ ਵਿਚ ਅਨੁਸ਼ਾਸਨ ਬਣਾਏ ਰੱਖਣ ਦੀ ਹੈ, ਨੇ ਵੀਰਵਾਰ ਜੌਹਨਸਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਪੱਤਰ ਵਿਚ ਲਿਖਿਆ, ‘ਮੈਂ ਬੁੱਧਵਾਰ ਰਾਤ ਕਾਫ਼ੀ ਸ਼ਰਾਬ ਪੀ ਲਈ ਸੀ। ਮੈਂ ਖ਼ੁਦ ਨੂੰ ਤੇ ਹੋਰਾਂ ਨੂੰ ਸ਼ਰਮਿੰਦਾ ਕੀਤਾ ਤੇ ਇਸ ਲਈ ਤੁਹਾਡੇ ਕੋਲੋਂ ਅਤੇ ਸਬੰਧਤ ਲੋਕਾਂ ਤੋਂ ਮੁਆਫ਼ੀ ਮੰਗਦਾ ਹੈ।’ ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਣੇ ਰਹਿਣਗੇ ਤੇ ਸੰਸਦ ਵਿਚ ਜੌਹਨਸਨ ਸਰਕਾਰ ਦਾ ਸਮਰਥਨ ਜਾਰੀ ਰੱਖਣਗੇ। ਜੌਹਨਸਨ ਨੇ 10 ਡਾਊਨਿੰਗ ਸਟਰੀਟ ਸਥਿਤ ਆਪਣੇ ਘਰ ਦੇ ਬਾਹਰ ਮੀਡੀਆ ਦੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਪਿੰਚਰ ਨੂੰ ਪਾਰਟੀ ਵਿਚੋਂ ਮੁਅੱਤਲ ਕਰਨਗੇ। ਪਿੰਚਰ ਦੇ ਉਪ ਮੁੱਖ ਵਿਪ੍ਹ ਵਜੋਂ ਅਸਤੀਫ਼ਾ ਦੇਣ ਨਾਲ ਪਾਰਟੀ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਜ਼ਿਕਰਯੋਗ ਹੈ ਕਿ ਜੌਹਨਸਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪਿਆ ਸੀ, ਜੋ ਕੋਵਿਡ-19 ਕਾਰਨ ਲਾਏ ਗਏ ਲੌਕਡਾਊਨ ਦੌਰਾਨ ਸਰਕਾਰੀ ਇਮਾਰਤਾਂ ਵਿਚ ਜਸ਼ਨ ਮਨਾਉਣ (ਪਾਰਟੀ ਕਰਨ) ਦੀ ਜਾਂਚ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਹਾਊਸ ਆਫ਼ ਕਾਮਨਜ਼ ਵਿਚ ਮੋਬਾਈਲ ਫੋਨ ‘ਚ ਅਸ਼ਲੀਲ ਵੀਡੀਓ ਦੇਖਣ ‘ਤੇ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਬਰਤਾਨੀਆ ਦੀ ਅਖ਼ਬਾਰ ‘ਦਿ ਸਨ’ ਦੀ ਇਕ ਖ਼ਬਰ ਵਿਚ ਕਿਹਾ ਗਿਆ ਹੈ ਕਿ ਪਿੰਚਰ ਨੇ ਲੰਡਨ ਸਥਿਤ ਇਕ ਕਲੱਬ ਵਿਚ ਬੁੱਧਵਾਰ ਰਾਤ ਦੋ ਵਿਅਕਤੀਆਂ ਨੂੰ ਜਬਰੀ ਛੂਹਣ ਦੀ ਕੋਸ਼ਿਸ਼ ਕੀਤੀ। -ਪੀਟੀਆਈ