ਸੁਰਿੰਦਰ ਮਾਵੀ
ਵਿਨੀਪੈਗ, 1 ਜੁਲਾਈ
ਮੈਨੀਟੋਬਾ ਦੀ ਵਿਧਾਨ ਸਭਾ ‘ਚ ਬੀਤੇ ਦਿਨੀਂ ਸਤਲੁਜ ਕਲੱਬ ਕੈਨੇਡਾ ਵੱਲੋਂ ਕਰਵਾਏ ਗਏ ਖੇਡ ਸਮਾਗਮ ਦੌਰਾਨ ਸੂਬੇ ਦੇ ਖੇਡ ਮੰਤਰੀ ਐਂਡਰਿਊ ਸਮਿਥ, ਵਿਧਾਇਕ ਓਬੀ ਖ਼ਾਨ, ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਪਰਮਿੰਦਰ ਸਿੰਘ ਕੰਗ (ਸੀਨੀਅਰ) ਅਤੇ ਕਲੱਬ ਦੇ ਪ੍ਰਧਾਨ ਕੁਲਜੀਤ ਸਿੰਘ ਭੱਠਲ ਵੱਲੋਂ 36 ਦੇ ਕਰੀਬ ਪੰਜਾਬੀ ਮੂਲ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਹੈਦਰ ਸਟਿਫਨਸਨ ਅਤੇ ਵਿਨੀਪੈਗ ਸਾਊਥ ਹਲਕੇ ਤੋਂ ਸੰਸਦ ਮੈਂਬਰ ਟੈਰੀ ਦੁਗੁਇਡ ਨੇ ਵੀਡੀਓ ਮਾਧਿਅਮ ਰਾਹੀਂ ਵਧਾਈ ਸੰਦੇਸ਼ ਦਿੱਤੇ। ਇਸ ਮਗਰੋਂ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦਾ ਵਿਸ਼ੇਸ਼ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਉਨ੍ਹਾਂ ਦੇ ਖੇਡ ਜੀਵਨ ਨੂੰ ਦਰਸਾਉਂਦੀ ਸਵੈ-ਜੀਵਨੀ ਖਿਡਾਰੀਆਂ ਤੇ ਮੁੱਖ ਮਹਿਮਾਨਾਂ ਨੂੰ ਭੇਟ ਕੀਤੀ ਗਈ। ਸਮਾਗਮ ਵਿੱਚ ਕੌਂਸਲਰ ਦੇਵੀ ਸ਼ਰਮਾ ਤੇ ਕੌਂਸਲਰ ਜੈਨਿਸ ਲੁਕਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਖਿਡਾਰੀਆਂ ਨੂੰ ਖੇਡ ਸਨਮਾਨ ਵਜੋਂ ਦਿੱਤੇ ਗਏ ਪ੍ਰਮਾਣ ਪੱਤਰਾਂ ‘ਤੇ ਅੰਗਰੇਜ਼ੀ ਦੇ ਨਾਲ ਪੰਜਾਬੀ ਵੀ ਅੰਕਿਤ ਕੀਤਾ ਗਈ ਸੀ। ਅੰਤ ਵਿੱਚ ਖੇਡ ਮੰਤਰੀ ਵੱਲੋਂ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਕੰਗ ਦਾ ਵੀ ਸਨਮਾਨ ਕੀਤਾ ਗਿਆ।