ਅਮਰਵਤੀ/ਨਾਗਪੁਰ, 4 ਜੁਲਾਈ
ਅਮਰਾਵਤੀ ਪੁਲੀਸ ਨੂੰ ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੀ ਪੋਸਟ ਅਤੇ ਕੈਮਿਸਟ ਉਮੇਸ਼ ਕੋਹਲੇ ਦੀ ਹੱਤਿਆ ਵਿਚਾਲੇ ਤਾਰ ਜੁੜੇ ਹੋਣ ਦਾ ਪਤਾ ਸੀ ਪਰ ਮਾਮਲਾ ‘ਬੇਹੱਦ ਸੰਵੇਦਨਸ਼ੀਲ’ ਹੋਣ ਕਾਰਨ ਪਹਿਲਾਂ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਇਹ ਜਾਣਕਾਰੀ ਅੱਜ ਪੁਲੀਸ ਕਮਿਸ਼ਨਰ ਆਰਤੀ ਸਿੰਘ ਨੇ ਦਿੱਤੀ। ਅਮਰਾਵਤੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਰਤੀ ਸਿੰਘ ਨੇ ਕਿਹਾ ਕਿ ਪੁਲੀਸ ਨੇ 21 ਜੂਨ ਹੋਈ ਹੱਤਿਆ ਦੇ ਮੁੱਖ ਮੁਲਜ਼ਮ ਸਣੇ ਸੱਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਇੱਕ ਜਾਂ ਦੋ ਦਿਨਾਂ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤੀ ਜਾਵੇਗੀ। ਪਹਿਲੇ ਨਜ਼ਰੇ ਕੋਲਹੇ ਦੀ ਹੱਤਿਆ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੇ ਸਮਰਥਨ ‘ਚ ਪਾਈ ਗਈ ਪੋਸਟ ਕਾਰਨ ਕੀਤੀ ਗਈ ਸੀ। ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਸੋਸ਼ਲ ਮੀਡੀਆ ‘ਤੇ ਗੁੱਸੇ ਦੀ ਲਹਿਰ ਫੈਲ ਗਈ ਸੀ। -ਪੀਟੀਆਈ