ਮੁੰਬਈ: ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਖਿਡਾਰਨ ਮਿਤਾਲੀ ਰਾਜ ਦੇ ਜੀਵਨ ‘ਤੇ ਆਧਾਰਿਤ ਬਣੀ ਫਿਲਮ ‘ਸ਼ਾਬਾਸ਼ ਮਿੱਤੂ’ ਵਿੱਚ ਮੁੱਖ ਭੂਮਿਕਾ ਨਿਭਾਅ ਰਹੀ ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਔਰਤਾਂ ਨੂੰ ਹਰ ਖੇਤਰ ਵਿੱਚ ਆਪਣੀ ਪਛਾਣ ਸਾਬਿਤ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਅਦਾਕਾਰਾ ਨੇ ਕਿਹਾ ਕਿ ਕ੍ਰਿਕਟ ਵਿੱਚ ਮਿਤਾਲੀ ਰਾਜ ਵਰਗੀਆਂ ਕਈ ਬਾਕਮਾਲ ਖਿਡਾਰਨਾਂ ਨੇ ਹੁਣ ਤੱਕ ਲਾਜਵਾਬ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਪਰ ਫਿਰ ਵੀ ਇਸ ਖੇਡ ਨੂੰ ਸਿਰਫ਼ ਮਰਦਾਂ ਦੀ ਖੇਡ ਹੀ ਸਮਝਿਆ ਜਾਂਦਾ ਹੈ। ਤਾਪਸੀ ਨੇ ਕਿਹਾ, ”ਸਾਡੇ ਦੇਸ਼ ਵਿੱਚ ਦੋ ਧਰਮ ਹਨ, ਪਹਿਲਾ ਕ੍ਰਿਕਟ ਅਤੇ ਦੂਜਾ ਫਿਲਮਾਂ। ਜੇਕਰ ਤੁਸੀਂ ਖ਼ੁਦ ਨੂੰ ਕ੍ਰਿਕਟ ਪ੍ਰੇਮੀ ਆਖਦੇ ਹੋ ਤਾਂ ਤੁਹਾਨੂੰ ਮਹਿਲਾ ਕ੍ਰਿਕਟ ਟੀਮ ਨੂੰ ਵੀ ਓਨਾ ਹੀ ਪਿਆਰ ਦੇਣਾ ਚਾਹੀਦਾ ਹੈ। ਤੁਹਾਡਾ ਪਿਆਰ ਖੇਡ ਲਈ ਹੋਣਾ ਚਾਹੀਦਾ ਹੈ, ਚਾਹੇ ਉਹ ਖੇਡ ਕੋਈ ਵੀ ਖੇਡ ਰਿਹਾ ਹੋਵੇ।” ਅਦਾਕਾਰਾ ਨੇ ਕਿਹਾ ਕਿ ਉਸ ਨੂੰ ਖ਼ੁਦ ‘ਤੇ ਸ਼ਰਮ ਮਹਿਸੂਸ ਹੋਈ, ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਹੁਣ ਤੱਕ ਇਸ ਮਹਾਨ ਖਿਡਾਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮਿਤਾਲੀ ਰਾਜ ਨੇ ਔਕੜਾਂ ਦੇ ਬਾਵਜੂਦ ਜਿੰਨੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਉਹ ਕਾਬਿਲ-ਏ-ਤਾਰੀਫ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ ਪ੍ਰਿਯਾ ਏਵਨ ਵੱਲੋਂ ਲਿਖੀ ਗਈ ਹੈ ਤੇ ਨਿਰਦੇਸ਼ਨ ਸ੍ਰੀਜੀਤ ਮੁਖਰਜੀ ਵੱਲੋਂ ਕੀਤਾ ਗਿਆ ਹੈ। ‘ਸ਼ਾਬਾਸ਼ ਮਿੱਤੂ’ 15 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ