ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਅੱਜ ਐਲਾਨ ਕੀਤਾ ਕਿ ਉਹ 2019 ਦੀ ਤਾਮਿਲ ਹਿੱਟ ਫਿਲਮ ‘ਕੈਥੀ’ ਦਾ ਹਿੰਦੀ ਰੀਮੇਕ ਫਿਲਮ ‘ਭੋਲਾ’ ਦਾ ਨਿਰਦੇਸ਼ਨ ਕਰਨਗੇ। ਅਜੈ ਦੇਵਗਨ ਇਸ ਫਿਲਮ ਵਿੱਚ ਅਦਾਕਾਰਾ ਤੱਬੂ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ‘ਰਨਵੇਅ 34’ ਤੋਂ ਬਾਅਦ ਉਹ ਨਿਰਦੇਸ਼ਕ ਦੀ ਕੁਰਸੀ ‘ਤੇ ਵਾਪਸੀ ਲਈ ਉਤਸ਼ਾਹਿਤ ਹਨ। ਫਿਲਮ ‘ਭੋਲਾ’ ਨੂੰ ਪਹਿਲਾਂ ਧਰਮੇਂਦਰ ਸ਼ਰਮਾ ਨੇ ਨਿਰਦੇਸ਼ਿਤ ਕਰਨਾ ਸੀ, ਜਿਨ੍ਹਾਂ ਨੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ’, ‘ਸ਼ਿਵਾਏ’ ਅਤੇ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਵਿੱਚ ਐਡਿਟਰ ਵਜੋਂ ਸੇਵਾਵਾਂ ਨਿਭਾਈਆਂ ਸਨ। ਅਜੈ ਦੇਵਗਨ ਨੇ ਨਿਰਦੇਸ਼ਕ ਵਜੋਂ ਸ਼ੁਰੂਆਤ 2008 ਵਿੱਚ ‘ਯੂ ਮੀ ਔਰ ਹਮ’ ਨਾਲ ਕੀਤੀ ਸੀ। ਫਿਲਹਾਲ ਫਿਲਮ ‘ਭੋਲਾ’ ਦੀ ਸ਼ੂਟਿੰਗ ਹੈਦਰਾਬਾਦ ਵਿੱਚ ਚੱਲ ਰਹੀ ਹੈ। ਅਸਲ ਫਿਲਮ ਦੀ ਕਹਾਣੀ ਲੋਕੇਸ਼ ਕਨਾਗਰਾਜ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਸੀ, ਜੋ ਕਿ ਸਜ਼ਾ ਭੁਗਤ ਚੁੱਕੇ ਇਕ ਦੋਸ਼ੀ ਵਿਅਕਤੀ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਭੋਲਾ’ ਅਜੈ ਦੇਵਗਨ ਫਿਲਮਜ਼, ਟੀ-ਸੀਰੀਜ਼ ਫਿਲਮਜ਼, ਰਿਲਾਇੰਸ ਐਂਟਰਟੇਨਮੈਂਟ ਅਤੇ ਡਰੀਮ ਵਾਰੀਅਰਜ਼ ਪਿਕਚਰਜ਼ ਵੱਲੋਂ ਬਣਾਈ ਜਾ ਰਹੀ ਹੈ। ਇਹ ਫਿਲਮ 30 ਮਾਰਚ 2023 ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ