ਟੇਰਾਸਾ (ਸਪੇਨ): ਕਪਤਾਨ ਅਤੇ ਗੋਲਕੀਪਰ ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਕਲਾਸੀਫਿਕੇਸ਼ਨ ਮੈਚ ਵਿੱਚ ਕੈਨੇਡਾ ਨੂੰ ਸ਼ੂਟਆਊਟ ‘ਚ 3-2 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਨਿਰਧਾਰਤ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ। ਮੈਡੇਲਿਨ ਸੇਕੋ ਨੇ 11ਵੇਂ ਮਿੰਟ ਵਿੱਚ ਕੈਨੇਡਾ ਨੂੰ ਲੀਡ ਦਿਵਾਈ ਪਰ ਸਲੀਮਾ ਟੇਟੇ ਵੱਲੋਂ 58ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਬਦੌਲਤ ਭਾਰਤ ਮੈਚ ‘ਚ ਬਰਾਬਰੀ ਕਰਨ ਵਿੱਚ ਕਾਮਯਾਬ ਰਿਹਾ। ਸ਼ੂਟਆਊਟ ਵਿੱਚ ਗੋਲਕੀਪਰ ਸਵਿਤਾ ਨੇ ਛੇ ਗੋਲ ਬਚਾਏ ਜਦਕਿ ਨਵਨੀਤ ਕੌਰ, ਸੋਨਿਕਾ ਅਤੇ ਨੇਹਾ ਨੇ ਇੱਕ-ਇੱਕ ਗੋਲ ਕੀਤਾ। -ਪੀਟੀਆਈ