ਇਸਲਾਮਾਬਾਦ: ਅਤਿਵਾਦੀਆਂ ਵੱਲੋਂ ਫ਼ੌਜ ਦੇ ਇੱਕ ਅਧਿਕਾਰੀ ਦੀ ਅਗਵਾ ਕਰ ਕੇ ਹੱਤਿਆ ਕੀਤੇ ਜਾਣ ਮਗਰੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਘੱਟੋ-ਘੱਟ ਸੱਤ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਮੁਕਾਬਲੇ ‘ਚ ਇੱਕ ਜਵਾਨ ਵੀ ਮਾਰਿਆ ਗਿਆ। ਫ਼ੌਜ ਅਤੇ ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਮੰਗਵਾਰ ਨੂੰ ਜਦੋਂ ਕਰਨਲ ਲਾਇਕ ਮਿਰਜ਼ਾ ਆਪਣੇ ਪਰਿਵਾਰ ਨਾਲ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ 100 ਕਿਲੋਮੀਟਰ ਉੱਤਰ ਪੂਰਬ ਵਿੱਚ ਜ਼ਿਆਰਤ ਸ਼ਹਿਰ ਤੋਂ ਯਾਤਰਾ ‘ਤੇ ਨਿਕਲੇ ਸਨ ਤਾਂ ਪੁਲੀਸ ਦੇ ਭੇਸ ਵਿੱਚ ਆਏ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ 15 ਵਿਅਕਤੀਆਂ ਨੇ ਮਿਰਜ਼ਾ ਦੀ ਅਗਵਾ ਕਰ ਕੇ ਹੱਤਿਆ ਕਰ ਦਿੱਤੀ। ਫ਼ੌਜ ਨੇ ਅੱਜ ਦੇ ਅਪਰੇਸ਼ਨ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਬੀਐੱਲਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਿਰਜ਼ਾ ਨੂੰ ਮਾਰ ਦਿੱਤਾ ਪਰ ਉਸ ਦਾ ਪਰਿਵਾਰ ਇਸ ਕਰਕੇ ਜਿਊਂਦਾ ਛੱਡ ਦਿੱਤਾ ਕਿਉਂਕਿ ਉਹ ਜਥੇਬੰਦੀ ਵਿਰੁੱਧ ਅਪਰਾਧਾਂ ਵਿੱਚ ਸ਼ਾਮਲ ਨਹੀਂ ਸੀ। -ਏਪੀ