ਬੈਥਲੇਹਮ, 15 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਮੰਨਿਆ ਕਿ ਫਲਸਤੀਨੀਆਂ ਲਈ ਸੁਤੰਤਰ ਰਾਜ ‘ਦੂਰ ਦੀ ਮੰਗ’ ਜਾਪਦੀ ਹੈ ਕਿਉਂਕਿ ਇਜ਼ਰਾਈਲ ਨਾਲ ਫਲਸਤੀਨ ਦੀ ਸ਼ਾਂਤੀ ਪ੍ਰਕਿਰਿਆ ਬਾਰੇ ਗੱਲਬਾਤ ਅਜੇ ਬੰਦ ਪਈ ਹੈ। ਉਨ੍ਹਾਂ ਅੱਜ ਪੱਛਮੀ ਕੰਢੇ ਦੇ ਦੌਰੇ ਮੌਕੇ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਨਾ ਹੋਣ ‘ਤੇ ਨਿਰਾਸ਼ਾ ਜਤਾਈ।
ਬੈਥਲੇਹਮ ਪਹੁੰਚੇ ਬਾਇਡਨ ਨੇ ਕਿਹਾ, ”ਫਲਸਤੀਨੀ ਲੋਕ ਹੁਣ ਦੁਖੀ ਹੋ ਰਹੇ ਹਨ। ਤੁਸੀਂ ਬੱਸ ਇਸ ਨੂੰ ਮਹਿਸੂਸ ਕਰ ਸਕਦੇ ਹੋ। ਅਮਰੀਕਾ ਵਿੱਚ ਅਸੀਂ ਤੁਹਾਡੇ ਦੁੱਖ ਅਤੇ ਨਿਰਾਸ਼ਾ ਨੂੰ ਮਹਿਸੂਸ ਕਰ ਸਕਦੇ ਹਾਂ।” ਭਾਵੇਂ ਆਪਣੇ ਦੌਰੇ ਦੌਰਾਨ ਉਨ੍ਹਾਂ ਫਲਸਤੀਨੀਆਂ ਲਈ 31.6 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਪਰ ਸ਼ਾਂਤੀ ਵਾਰਤਾ ਨੂੰ ਮੁੜ ਲੀਹ ‘ਤੇ ਲਿਆਉਣ ਦਾ ਕੋਈ ਸਾਫ ਰਸਤਾ ਨਜ਼ਰ ਨਹੀਂ ਆਇਆ।
ਉਨ੍ਹਾਂ ਕਿਹਾ, ”ਭਾਵੇਂ ਗੱਲਬਾਤ ਮੁੜ ਸ਼ੁਰੂ ਕਰਨ ਲਈ ਜ਼ਮੀਨ ਹਾਲੇ ਤਿਆਰ ਨਹੀਂ ਹੋਈ ਪਰ ਅਮਰੀਕਾ ਅਤੇ ਮੇਰਾ ਪ੍ਰਸ਼ਾਸਨ ਫਲਸਤੀਨੀਆਂ ਅਤੇ ਇਜ਼ਰਾਇਲੀਆਂ ਨੂੰ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਤੋਂ ਪਿੱਛੇ ਨਹੀਂ ਹਟਣਗੇ।” ਬਾਇਡਨ ਨੇ ਕਿਹਾ ਕਿ ਫਲਸਤੀਨੀ ਲੋਕ ਆਪਣੇ ਖੁਦ ਦੇ ਰਾਸ਼ਟਰ ਦੇ ਹੱਕਦਾਰ ਹਨ, ਜੋ ਆਜ਼ਾਦ ਅਤੇ ਖੁਦਮੁਖਤਾਰ ਹੋਵੇ। ਦੋ ਫਿਰਕਿਆਂ ਲਈ ਦੋ ਮੁਲਕਾਂ ਦੀਆਂ ਪੁਰਤਨ ਜੜ੍ਹਾਂ ਇਸ ਧਰਤੀ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਸ਼ਾਂਤੀ ਅਤੇ ਸੁਰੱਖਿਆ ਨਾਲ ਇਕੱਠੇ ਰਹਿੰਦੇ ਹਨ।”
ਇਸ ਦੌਰਾਨ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ, ”ਸਾਡੀ ਜ਼ਮੀਨ ‘ਤੇ ਇਜ਼ਰਾਈਲ ਦੇ ਕਬਜ਼ੇ ਦਾ ਪੰਨਾ ਪਲਟਣ ਦਾ ਸਮਾਂ ਆ ਗਿਆ ਹੈ।” ਉਨ੍ਹਾਂ ਕਿਹਾ ਕਿ ਇਜ਼ਰਾਈਲ ਅਜਿਹੇ ਰਾਸ਼ਟਰ ਦੇ ਤੌਰ ‘ਤੇ ਕੰਮ ਕਰਨਾ ਜਾਰੀ ਨਹੀਂ ਰੱਖ ਸਕਦਾ, ਜੋ ਕਾਨੂੰਨ ਤੋਂ ਉੱਪਰ ਹੋਵੇ।”
ਇਸ ਤੋਂ ਪਹਿਲਾਂ ਰਾਸ਼ਟਰਪਤੀ ਬਾਇਡਨ ਫਲਸਤੀਨੀਆਂ ਦਾ ਇਲਾਜ ਕਰਨ ਵਾਲੇ ਪੂਰਬੀ ਜੇਰੋਸ਼ਲੱਮ ਹਸਪਤਾਲ ਨੈਟਵਰਕ ‘ਚ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਸਿਹਤ ਦੀ ਦੇਖਭਾਲ ਲਈ ਵਿੱਤੀ ਸਹਾਇਤਾ ‘ਤੇ ਚਰਚਾ ਕੀਤੀ। -ਏਪੀ