ਯੂਜੀਨ (ਅਮਰੀਕਾ): ਭਾਰਤ ਦਾ ਲੌਂਗ ਜੰਪਰ ਮੁਰਲੀ ਸ੍ਰੀਸ਼ੰਕਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਦਿਨ ਅੱਜ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕਿਆ ਅਤੇ ਲੰਮੀ ਛਾਲ ਦੇ ਫਾਈਨਲ ਵਿੱਚ 7.96 ਮੀਟਰ ਨਾਲ ਸੱਤਵੇਂ ਸਥਾਨ ‘ਤੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ‘ਚ ਲੰਮੀ ਛਾਲ ਦੇ ਫਾਈਨਲ ‘ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਪੁਰਸ਼ ਅਥਲੀਟ ਸ੍ਰੀਸ਼ੰਕਰ ਨੇ ਇਸ ਵੱਕਾਰੀ ਮੁਕਾਬਲੇ ‘ਚ ਇਤਿਹਾਸਕ ਤਗਮੇ ਦੀ ਉਮੀਦ ਜਗਾਈ ਸੀ ਪਰ ਫਾਈਨਲ ਵਿੱਚ ਉਸ ਦਾ ਪ੍ਰਦਰਸ਼ਨ ਉਸ ਦੇ 8.36 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਰਿਹਾ। ਇਸੇ ਤਰ੍ਹਾਂ ਪਾਰੁਲ ਚੌਧਰੀ ਨੇ ਮਹਿਲਾ 3000 ਮੀਟਰ ਸਟੀਪਲਚੇਜ਼ ਦੀ ਹੀਟ ਨੰਬਰ-2 ਵਿੱਚ 9:38:09 ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ 12ਵਾਂ ਸਥਾਨ ਹਾਸਲ ਕੀਤਾ ਪਰ ਉਹ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ। ਇਸ ਤੋਂ ਇਲਾਵਾ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਐਮਪੀ ਜਬੀਰ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ‘ਚ ਨਾਕਾਮ ਰਿਹਾ। ਉਹ 50.76 ਸਕਿੰਟ ਦੀ ਕੋਸ਼ਿਸ਼ ਨਾਲ ਹੀਟ ਨੰਬਰ-2 ਵਿੱਚ ਸੱਤਵੇਂ ਅਤੇ ਆਖਰੀ ਸਥਾਨ ‘ਤੇ ਰਿਹਾ। -ਪੀਟੀਆਈ