ਲੰਡਨ, 20 ਜੁਲਾਈ
ਬਰਤਾਨੀਆ ਵਿੱਚ ਰਿਕਾਰਡ ਤੋੜ ਗਰਮੀ ਕਾਰਨ ਤੀਜੇ ਦਿਨ ਵੀ ਰੇਲ ਆਵਾਜਾਈ ਪ੍ਰਭਾਵਿਤ ਰਹੀ। ਭਾਵੇਂ ਬੱਦਲਵਾਈ ਅਤੇ ਮੀਂਹ ਨੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਪਰ ਅੱਗ ਬੁਝਾਊ ਅਮਲੇ ਅੱਜ ਵੀ ਅਲਰਟ ‘ਤੇ ਰਹੇ। ਜਾਣਕਾਰੀ ਅਨੁਸਾਰ ਲੰਡਨ ਵਿੱਚ ਬੁੱਧਵਾਰ ਨੂੰ ਤਾਪਮਾਨ 26 ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੂਰਬੀ ਇੰਗਲੈਂਡ ਦੇ ਕੋਨਿੰਗਸਬੀ ਵਿੱਚ ਮੰਗਲਵਾਰ ਨੂੰ ਤਾਪਮਾਨ 40.3 ਸੈਲਸੀਅਮ ਦਰਜ ਕੀਤਾ ਗਿਆ ਸੀ। ਲੰਡਨ ਉੱਤਰ ਪੂਰਬੀ ਰੇਲਵੇ ਨੇ ਦੱਸਿਆ ਕਿ ਮੁਲਾਜ਼ਮ ਗਰਮੀ ਕਰਕੇ ਲੱਗੀ ਅੱਗ ਕਾਰਨ ਨੁਕਸਾਨੀਆਂ ਗਈਆਂ ਲਾਈਨਾਂ ਅਤੇ ਸਿਗਨਲ ਉਪਕਰਨਾਂ ਦੀ ਮੁਰੰਮਤ ਕਰ ਰਹੇ ਹਨ, ਜਿਸ ਕਰਕੇ ਲੰਡਨ ਤੋਂ ਐਡਿਨਬਰਗ ਦੀ ਮੁੱਖ ਰੇਲ ਲਾਈਨ ਦੁਪਹਿਰ ਤੱਕ ਬੰਦ ਰਹੇਗੀ। ਮੇਅਰ ਸਾਦਿਕ ਖਾਨ ਨੇ ਦੱਸਿਆ ਕਿ ਮੰਗਲਵਾਰ ਲੰਡਨ ਫਾਇਰ ਬ੍ਰਿਗੇਡ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵਧ ਰੁਝੇਵੇਂ ਵਾਲਾ ਦਿਨ ਰਿਹਾ। -ਏਪੀ
ਬਰਤਾਨੀਆ ਦਾ ਸਭ ਤੋਂ ਗਰਮ ਦਿਨ ਰਿਹਾ ਮੰਗਲਵਾਰ
ਲੰਡਨ: ਪੂਰਬੀ ਬਰਤਾਨੀਆ ਦੇ ਲਿੰਕਨਸ਼ਾਇਰ ਵਿੱਚ ਮੰਗਲਵਾਰ ਨੂੰ 40.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਇਤਿਹਾਸ ਵਿੱਚ ਦੇਸ਼ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਦੌਰਾਨ ਕੁੱਝ ਲੋਕ ਗਰਮੀ ਨੂੰ ਬਹਾਨੇ ਵਜੋਂ ਵਰਤਦਿਆਂ ਕੰਮ ਤੋਂ ਛੁੱਟੀ ਲੈ ਕੇ ਬੀਚ ‘ਤੇ ਗਏ ਜਦਕਿ ਕੁੱਝ ਲੋਕਾਂ ਨੇ ਤੇਜ਼ ਧੁੱਪ ਤੋਂ ਬਚਣ ਲਈ ਘਰਾਂ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ। -ਏਪੀ