ਯੂਜੀਨ, 23 ਜੁਲਾਈ
ਭਾਰਤ ਦੀ ਅੰਨੂ ਰਾਣੀ ਇਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ 61.12 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੱਤਵੇਂ ਸਥਾਨ ‘ਤੇ ਰਹੀ। ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਹਿੱਸਾ ਲੈ ਰਹੀ ਅਨੂੰ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ ਦਿਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਪਰ ਉਸ ਦੇ ਹੋਰ ਪੰਜ ਥਰੋਅ 60 ਮੀਟਰ ਨੂੰ ਪਾਰ ਕਰਨ ਵਿੱਚ ਅਸਫਲ ਰਹੇ। ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਅੰਨੂ ਨੇ ਕ੍ਰਮਵਾਰ 56.18 ਮੀਟਰ, 61.12 ਮੀਟਰ, 59.27 ਮੀਟਰ, 58.14 ਮੀਟਰ, 59.98 ਮੀਟਰ ਅਤੇ 58.70 ਮੀਟਰ ਬਰਛਾ ਸੁੱਟਿਆ। ਇਸ 29 ਸਾਲਾ ਖਿਡਾਰਨ ਦਾ ਸੀਜ਼ਨ ਅਤੇ ਨਿੱਜੀ ਸਰਵੋਤਮ ਪ੍ਰਦਰਸ਼ਨ 63.82 ਮੀਟਰ (ਰਾਸ਼ਟਰੀ ਰਿਕਾਰਡ) ਹੈ, ਜੇ ਅਨੂੰ ਇਸ ਈਵੈਂਟ ਵਿੱਚ ਆਪਣਾ ਨਿੱਜੀ ਰਿਕਾਰਡ ਹਾਸਲ ਕਰ ਲੈਂਦੀ ਤਾਂ ਉਸ ਨੂੰ ਤਮਗਾ ਮਿਲ ਜਾਣਾ ਸੀ।