ਕੋਲੰਬੋ, 22 ਜੁਲਾਈ
ਰਾਜਪਕਸੇ ਪਰਿਵਾਰ ਨੇੜਲੇ ਮੰਨੇ ਜਾਂਦੇ ਉੱਘੇ ਸਿਆਸਤਦਾਨ ਦਿਨੇਸ਼ ਗੁਨਾਵਰਧਨੇ ਨੂੰ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅਹੁਦਾ ਸੰਭਾਲਣ ਦੇ ਇਕ ਦਿਨ ਬਾਅਦ 18 ਮੈਂਬਰੀ ਮੰਤਰੀ ਮੰਡਲ ਨੂੰ ਅੱਜ ਸਹੁੰ ਚੁਕਾਈ। ਕੈਬਨਿਟ ‘ਚ ਪ੍ਰਧਾਨ ਮੰਤਰੀ ਤੋਂ ਇਲਾਵਾ 17 ਹੋਰ ਮੰਤਰੀ ਹਨ। ਪਹਿਲਾਂ ਵਿੱਤ ਮੰਤਰੀ ਦੇ ਅਹੁਦੇ ‘ਤੇ ਰਹੇ ਅਲੀ ਸਾਬਰੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਗੁਨਾਵਰਧਨੇ ਨੂੰ ਲੋਕ ਪ੍ਰਸ਼ਾਸਨ, ਸੂਬਾਈ ਕੌਂਸਲਾਂ ਅਤੇ ਸਥਾਨਕ ਸਰਕਾਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ। ਬਾਕੀ ਮੰਤਰੀਆਂ ਨੂੰ ਪੁਰਾਣੇ ਮੰਤਰਾਲੇ ਹੀ ਮਿਲੇ ਹਨ ਜਦਕਿ ਰਾਸ਼ਟਰਪਤੀ ਵਿਕਰਮਸਿੰਘੇ ਕੋਲ ਵਿੱਤ ਮੰਤਰਾਲਾ ਰਹੇਗਾ।
ਵਿਕਰਮਸਿੰਘੇ ਨੇ ਕਿਹਾ ਕਿ ਉਹ ਦੇਸ਼ ਨੂੰ ਆਰਥਿਕ ਸੰਕਟ ‘ਚੋਂ ਕੱਢਣ ਲਈ ਸਰਬ ਪਾਰਟੀ ਸਰਕਾਰ ਬਣਾਉਣ ਲਈ ਕਦਮ ਉਠਾ ਰਹੇ ਹਨ। ਸ੍ਰੀਲੰਕਾ ਸਿਆਸਤ ਦੇ ਵੱਡੇ ਥੰਮ੍ਹਾਂ ‘ਚੋਂ ਇਕ ਮੰਨੇ ਜਾਂਦੇ ਗੁਨਾਵਰਧਨੇ (73) ਪਹਿਲਾਂ ਵਿਦੇਸ਼ ਅਤੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅਪਰੈਲ ‘ਚ ਗ੍ਰਹਿ ਮੰਤਰੀ ਬਣਾਇਆ ਸੀ। ਵਿਕਰਮਸਿੰਘੇ ਦੇ ਸਹਿਪਾਠੀ ਰਹੇ ਗੁਨਾਵਰਧਨੇ ਪਹਿਲਾਂ ਵੱਖ ਵੱਖ ਕੈਬਨਿਟ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਵਿਕਰਮਸਿੰਘੇ ਦੇ ਰਾਸ਼ਟਰਪਤੀ ਬਣਨ ਮਗਰੋਂ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਹੋਇਆ ਸੀ। ਸਾਲ 1949 ‘ਚ ਜਨਮੇ ਗੁਨਾਵਰਧਨੇ ਮਹਾਜਨਾ ਏਕਸਾਥ ਪੇਰਾਮੁਨਾ (ਐੱਮਈਪੀ) ਦੇ ਮੁਖੀ ਹਨ ਜਿਸ ਦਾ ਹੁਕਮਰਾਨ ਸ੍ਰੀਲੰਕਾ ਪੋਦੁਜਨਾ ਪੇਰਾਮੁਨਾ ਪਾਰਟੀ ਨਾਲ ਗੱਠਜੋੜ ਹੈ। ਉਹ ਪਹਿਲੀ ਵਾਰ 1983 ‘ਚ ਚੋਣ ਜਿੱਤ ਕੇ ਸੰਸਦ ਪੁੱਜੇ ਸਨ ਤੇ 1994 ਤੱਕ ਵਿਰੋਧੀ ਧਿਰ ਦੇ ਆਗੂ ਬਣੇ ਰਹੇ। ਉਹ 2000 ‘ਚ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਦਾ ਇਕ ਪੁੱਤਰ ਹੈ ਅਤੇ ਉਹ ਵੀ ਸੰਸਦ ਮੈਂਬਰ ਹੈ। -ਪੀਟੀਆਈ
ਰਾਸ਼ਟਰਪਤੀ ਸਕੱਤਰੇਤ ‘ਚ ਡਟੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਹਟਾਇਆ
ਕੋਲੰਬੋ: ਸ੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਰਾਸ਼ਟਰਪਤੀ ਸਕੱਤਰੇਤ ਬਾਹਰ ਡਟੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਨੂੰ ਅੱਜ ਤੜਕਸਾਰ ਉਖਾੜ ਦਿੱਤਾ। ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਏ ਅਤੇ 9 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਨਿਲ ਵਿਕਰਮਸਿੰਘੇ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲਏ ਜਾਣ ਦੇ ਇਕ ਦਿਨ ਮਗਰੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ‘ਦਿ ਡੇਅਲੀ ਮਿਰਰ ਲੰਕਾ’ ਦੀ ਰਿਪੋਰਟ ਮੁਤਾਬਕ ਪੁਲੀਸ ਨੇ ਤਿੰਨੋਂ ਸੈਨਾਵਾਂ ਅਤੇ ਸਪੈਸ਼ਲ ਟਾਸਕ ਫੋਰਸ ਦੀ ਸਹਾਇਤਾ ਨਾਲ ਰਾਸ਼ਟਰਪਤੀ ਸਕੱਤਰੇਤ ਦੇ ਦਫ਼ਤਰ, ਉਸ ਦੇ ਮੁੱਖ ਦੁਆਰ ਅਤੇ ਕੋਲੰਬੋ ਫੋਰਟ ‘ਚ ਦਫ਼ਤਰਾਂ ਲਾਗੇ ਡਟੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕੀਤੀ। ਪੁਲੀਸ ਮੁਤਾਬਕ ਜਾਂਚ ਅਧਿਕਾਰੀਆਂ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਸੱਦ ਕੇ ਰਾਸ਼ਟਰਪਤੀ ਸਕੱਤਰੇਤ ‘ਚੋਂ ਸਬੂਤ ਜੁਟਾਏ ਜਾਣਗੇ। ਪੁਲੀਸ ਅਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਧਾਵਾ ਬੋਲਦਿਆਂ ਉਥੇ ਮੌਜੂਦ 100 ਤੋਂ ਘੱਟ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀਆਂ ਰਿਹਾਇਸ਼ਾਂ ਨੂੰ ਖਾਲੀ ਕਰ ਦਿੱਤਾ ਸੀ ਪਰ ਉਹ ਰਾਸ਼ਟਰਪਤੀ ਸਕੱਤਰੇਤ ਦੇ ਕੁਝ ਕਮਰਿਆਂ ‘ਤੇ ਅਜੇ ਵੀ ਕਬਜ਼ਾ ਜਮਾ ਕੇ ਬੈਠੇ ਹੋਏ ਸਨ। ਵਿਕਰਮਸਿੰਘੇ ਦੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਬਣਨ ਮਗਰੋਂ ਪ੍ਰਦਰਸ਼ਨਕਾਰੀ ਕੋਲੰਬੋ ਪਰਤ ਆਏ ਸਨ। ਉਹ ਵਿਕਰਮਸਿੰਘੇ ਨੂੰ ਦੇਸ਼ ਦੇ ਆਰਥਿਕ ਅਤੇ ਸਿਆਸੀ ਸੰਕਟ ਦਾ ਜ਼ਿੰਮੇਵਾਰ ਮੰਨਦਿਆਂ ਉਸ ਦਾ ਵੀ ਅਸਤੀਫ਼ਾ ਮੰਗ ਰਹੇ ਹਨ। ਇਸ ਦੌਰਾਨ ਕੋਲੰਬੋ ਸਥਿਤ ਦੂਤ ਘਰਾਂ ਅਤੇ ਹਾਈ ਕਮਿਸ਼ਨਰਾਂ ਨੇ ਸ਼ੁੱਕਰਵਾਰ ਨੂੰ ਮਾਰੇ ਗਏ ਛਾਪੇ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਸ੍ਰੀਲੰਕਾ ‘ਚ ਅਮਰੀਕੀ ਸਫ਼ੀਰ ਜੂਲੀ ਚੁੰਗ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਫਿਕਰਮੰਦ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਬ੍ਰਿਟਿਸ਼ ਹਾਈ ਕਮਿਸ਼ਨਰ ਸਾਰਾਹ ਹਲਟਨ ਨੇ ਵੀ ਕਾਰਵਾਈ ‘ਤੇ ਚਿੰਤਾ ਜਤਾਈ ਹੈ। ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਸੱਤਾ ਤਬਦੀਲੀ ਦੌਰਾਨ ਪ੍ਰਗਟਾਵੇ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ। -ਪੀਟੀਆਈ