ਨਵੀਂ ਦਿੱਲੀ, 23 ਜੁਲਾਈ
ਸਰਕਾਰ ਨੇ ਮੁਲਕ ਵਿੱਚ ਝੰਡਾ ਝੁਲਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜਿਸ ਤਹਿਤ ਹੁਣ ਤਿਰੰਗਾ ਦਿਨ ਅਤੇ ਰਾਤ ਦੋਵੇਂ ਸਮੇਂ ਝੁਲਾਏ ਜਾਣ ਦੀ ਇਜਾਜ਼ਤ ਹੈ। ਨਾਲ ਹੀ ਹੁਣ ਪੌਲਿਸਟਰ ਅਤੇ ਮਸ਼ੀਨ ਨਾਲ ਬਣੇ ਕੌਮੀ ਝੰਡਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਪਹਿਲਾਂ ਅਜਿਹਾ ਕਰਨ ‘ਤੇ ਪਾਬੰਦੀ ਸੀ। ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਸਰਕਾਰ 13 ਤੋਂ 15 ਅਗਸਤ ਤਕ ‘ਹਰ ਘਰ ਤਿਰੰਗਾ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਹੈ ਕਿ ਭਾਰਤੀ ਕੌਮੀ ਝੰਡੇ ਦਾ ਪ੍ਰਦਰਸ਼ਨ , ਝੁਲਾਉਣਾ ਅਤੇ ਵਰਤੋਂ ਭਾਰਤੀ ਝੰਡਾ ਨਿਯਮ 2002 ਅਤੇ ਕੌਮੀ ਸਨਮਾਨ ਦੇ ਅਪਮਾਨ ਨੂੰ ਰੋਕਣ ਸਬੰਧੀ ਐਕਟ 1971 ਤਹਿਤ ਆਉਂਦਾ ਹੈ। ਪੱਤਰ ਅਨੁਸਾਰ ਭਾਰਤੀ ਝੰਡਾ ਨਿਯਮ 2002 ਵਿੱਚ 20 ਜੁਲਾਈ 2022 ਦੇ ਇਕ ਹੁਕਮ ਰਾਹੀਂ ਸੋਧ ਕੀਤੀ ਗਈ ਹੈ ਅਤੇ ਹੁਣ ਭਾਰਤੀ ਝੰਡਾ ਨਿਯਮ 2002 ਦੇ ਭਾਗ 2 ਦੇ ਪੈਰਾ 2.2 ਨੂੰ ਹੁਣ ਇਸ ਤਰ੍ਹਾਂ ਪੜ੍ਹਿਆ ਜਾਵੇਗਾ; ” ਜਿਥੇ ਝੰਡਾ ਖੁੱਲ੍ਹੇ ਵਿੱਚ ਝੁਲਾਇਆ ਜਾਂਦਾ ਹੈ ਜਾਂ ਕਿਸੇ ਨਾਗਰਿਕ ਦੇ ਘਰ ‘ਤੇ ਲਗਾਇਆ ਜਾਂਦਾ ਹੈ। ਇਸ ਨੂੰ ਦਿਨ ਰਾਤ ਝੁਲਾਇਆ ਜਾ ਸਕਦਾ ਹੈ।” ਇਸ ਤੋਂ ਪਹਿਲਾਂ ਤਿਰੰਗੇ ਨੂੰ ਸਿਰਫ ਸੂਰਜ ਢਲਣ ਤਕ ਝੁਲਾਉਣ ਦੀ ਹੀ ਇਜਾਜ਼ਤ ਸੀ। -ਏਜੰਸੀ