ਲੰਡਨ, 24 ਜੁਲਾਈ
ਕੰਜ਼ਰਵੇਟਿਵ ਪਾਰਟੀ ਦੇ ਵੋਟਰਾਂ ਨੂੰ ਖਿੱਚਣ ਦੇ ਮੰਤਵ ਨਾਲ ਯੂਕੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਰਿਸ਼ੀ ਸੂਨਕ ਨੇ ਅੱਜ ਆਵਾਸ ਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਛੋਹਿਆ।
ਉਨ੍ਹਾਂ ਕਿਹਾ ਕਿ ਸ਼ਰਨਾਰਥੀ ਢਾਂਚੇ ਦੇ ਲਿਹਾਜ਼ ਤੋਂ ਉਹ ‘ਵਿਹਾਰਕ ਬੁੱਧੀ’ ਵਾਲੀ ਪਹੁੰਚ ਅਪਣਾਉਣਗੇ। 42 ਸਾਲਾ ਭਾਰਤੀ ਮੂਲ ਦੇ ਆਗੂ ਨੇ ਯੂਕੇ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਦਸ ਨੁਕਤਿਆਂ ਦੀ ਇਕ ਯੋਜਨਾ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਆਗੂ ਬਣਨ ਦੀ ਸੂਰਤ ਵਿਚ ਉਹ ਇਸ ਨੂੰ ਲਾਗੂ ਕਰਾਉਣਗੇ। ਟੋਰੀ ਪਾਰਟੀ ਦੇ ਮੈਂਬਰ ਪੋਸਟਲ ਬੈਲੇਟ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਤੀਜੇ 5 ਸਤੰਬਰ ਨੂੰ ਸਾਹਮਣੇ ਆਉਣਗੇ। ‘ਦਿ ਡੇਲੀ ਟੈਲੀਗ੍ਰਾਫ਼’ ਵਿਚ ਇਕ ਲੇਖ ਲਿਖਦਿਆਂ ਰਿਸ਼ੀ ਨੇ ਵਾਅਦਾ ਕੀਤਾ ਹੈ ਕਿ ਉਹ ਮਨੁੱਖੀ ਹੱਕਾਂ ਬਾਰੇ ਯੂਰੋਪੀਅਨ ਕੋਰਟ ਦੇ ਅਧਿਕਾਰ ਖੇਤਰ ਨੂੰ ਸੀਮਤ ਕਰਨਗੇ।
ਉਨ੍ਹਾਂ ਕਿਹਾ ਕਿ ਜਿਹੜੇ ਮੁਲਕ ਉਨ੍ਹਾਂ ਸ਼ਰਨਾਰਥੀਆਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦੇਣਗੇ ਜਿਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਹੋਈ, ਉਨ੍ਹਾਂ ਮੁਲਕਾਂ ਨੂੰ ਦਿੱਤੀ ਜਾਂਦੀ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ। ਅਪਰਾਧੀਆਂ ਨੂੰ ਵਾਪਸ ਨਾ ਲੈਣ ‘ਤੇ ਵੀ ਅਜਿਹਾ ਕੀਤਾ ਜਾਵੇਗਾ। ਰਿਸ਼ੀ ਨੇ ਕਿਹਾ ਕਿ ਗੈਰਕਾਨੂੰਨੀ ਆਵਾਸੀਆਂ ਨੂੰ ਰੱਖਣ ਲਈ ਕਰੂਜ਼ ਸ਼ਿੱਪ ਵੀ ਇਸਤੇਮਾਲ ਕੀਤੇ ਜਾ ਸਕਦੇ ਹਨ। ਰਿਸ਼ੀ ਨੇ ਕਿਹਾ ਕਿ, ‘ਯੂਕੇ ਦੀਆਂ ਸਰਹੱਦਾਂ ‘ਤੇ ਕੰਟਰੋਲ ਦੇ ਪੱਖ ਤੋਂ ਯੂਰੋਪੀ ਕੋਰਟ ਦੀ ਭੂਮਿਕਾ ਸੀਮਤ ਹੋਣੀ ਚਾਹੀਦੀ ਹੈ। ਇਸ ਲਈ ਸਾਨੂੰ ਮੌਜੂਦਾ ਢਾਂਚੇ ਵਿਚ ਵਿਹਾਰਕ ਬੁੱਧੀ ਦੀ ਇਕ ਸਿਹਤਮੰਦ ਡੋਜ਼ ਲਾਉਣੀ ਪਵੇਗੀ, ਤੇ ਮੇਰੀ ਯੋਜਨਾ ਇਸੇ ਤਰ੍ਹਾਂ ਦੀ ਹੈ।’
ਰਿਚਮੰਡ (ਯਾਰਕਸ) ਦੇ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਹਾਲੇ ਤੱਕ ਬ੍ਰੈਗਜ਼ਿਟ ਮੌਕੇ ਕੀਤੇ ਵਾਅਦੇ ਪੂਰੇ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਹੈ। ਇਸ ਵਿਚ ਮੁਲਕ ਦੀਆਂ ਸਰਹੱਦਾਂ ਦਾ ‘ਕੰਟਰੋਲ ਵਾਪਸ ਲੈਣਾ’ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਰਨਾਰਥੀ ਢਾਂਚੇ ਵਿਚ ਸੁਧਾਰਾਂ ਦੀ ਲੋੜ ਹੈ। -ਪੀਟੀਆਈ