ਕੋਇੰਬਟੂਰ: ਚੇਨੱਂਈ ਵਿੱਚ ਇਸੇ ਹਫ਼ਤੇ ਸ਼ੁਰੂ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਰਿਲੇਅ ਅੱਜ ਇੱਥੇ ਪਹੁੰਚੀ ਜਿਸ ਦਾ ਤਾਮਿਲ ਨਾਡੂ ਦੇ ਮੰਤਰੀਆਂ ਨੇ ਸਵਾਗਤ ਕੀਤਾ। ਚੇਨੱਈ ਵਿੱਚ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ ਤੱਕ ਕਰਵਾਈ ਜਾਣੀ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਮਸ਼ਾਲ ਦਾ ਸਵਾਗਤ ਕਰਨ ਮਗਰੋਂ ਸੂਬੇ ਦੇ ਮੰਤਰੀਆਂ ਵੀ. ਸੇਂਥਿਲ ਬਾਲਾਜੀ, ਐੱਸ. ਮੁਥੂੁਸਾਮੀ, ਐੱਮ.ਪੀ. ਸਮੀਨਾਥਨ ਅਤੇ ਕੇ. ਰਾਮਚੰਦਰਨ ਨੇ ਸ਼ਹਿਰ ਦੇ ‘ਕੌਡਿਸੀਆ’ ਮੈਦਾਨ ਵਿੱਚ ਸੱਭਿਆਚਾਰਕ ਸਮਾਗਮ ਦੌਰਾਨ ਗੁਬਾਰੇ ਹਵਾ ਵਿੱਚ ਛੱਡੇ। ਇਸ ਮੌਕੇ ਬਾਲਾਜੀ ਨੇ ਕਿਹਾ, ”ਤਾਮਿਲ ਨਾਡੂ ਵਿੱਚ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਨੂੰ ਲੈ ਕੇ ਪੂਰੇ ਦੇਸ਼ ਦੀਆਂ ਨਜ਼ਰਾਂ ਸਾਡੇ ਉੱਤੇ ਹਨ। ਅਸੀਂ ਇਸ ਇਤਿਹਾਸਕ ਟੂਰਨਾਮੈਂਟ ਲਈ ਲੋੜੀਂਦੀ ਗਰਾਂਟ ਲਈ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀ ਸ਼ਲਾਘਾ ਕਰਦੇ ਹਾਂ।” ਉਨ੍ਹਾਂ ਕਿਹਾ, ”ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੇ 187 ਦੇਸ਼ਾਂ ਦੇ ਖ਼ਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ।” ਇਸ ਮੌਕੇ ਮੰਤਰੀ ਨੇ ਕੁਝ ਸੀਨੀਅਰ ਸ਼ਤਰੰਜ ਖਿਡਾਰੀਆਂ ਦਾ ਸਨਮਾਨ ਵੀ ਕੀਤਾ। -ਪੀਟੀਆਈ