ਇਸਲਾਮਾਬਾਦ, 26 ਜੁਲਾਈ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ 10 ਵੋਟਾਂ ਰੱਦ ਕਰਨ ਦੇ ਫੈਸਲੇ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਕਾਇਦ ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਸੂਬੇ ਦੇ ਮੁੱਖ ਮੰਤਰੀ ਹੋਣਗੇ। ਸਿਖਰਲੀ ਕੋਰਟ ਨੇ ਪੰਜਾਬ ਦੇ ਰਾਜਪਾਲ ਨੂੰ ਹਦਾਇਤ ਕੀਤੀ ਹੈ ਕਿ ਉਹ ਪਰਵੇਜ਼ ਇਲਾਹੀ ਨੂੰ ਮੰਗਲਵਾਰ ਰਾਤੀਂ ਸਾਢੇ ਗਿਆਰਾ ਵਜੇ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਹਲਫ਼ ਦਿਵਾਉਣ।
ਸੁਪਰੀਮ ਕੋਰਟ ਦਾ ਫੈਸਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਲਈ ਵੱਡਾ ਝਟਕਾ ਹੈ। ਪਰਵੇਜ਼ ਇਲਾਹੀ, ਜੋ ਅਸੈਂਬਲੀ ਵਿੱਚ ਬਹੁਮਤ ਲਈ ਲੋੜੀਂਦੇ ਵੋਟ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਚੋਣ ਹਾਰ ਗਏ ਸਨ, ਨੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜ਼ਾਰੀ ਦੇ ਜਿੱਤ ਪ੍ਰਧਾਨ ਮੰਤਰੀ ਸ਼ਰੀਫ਼ ਦੇ ਪੁੱਤਰ ਹਮਜ਼ਾ ਸ਼ਰੀਫ਼ ਦੀ ਝੋਲੀ ਪਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਚੀਫ ਜਸਟਿਸ ਉਮਰ ਅਤਾ ਬੰਡਿਆਲ, ਜਸਟਿਸ ਇਜਾਜ਼ੁਲ ਅਹਿਸਨ ਤੇ ਜਸਟਿਸ ਮੁਨੀਬ ਅਖ਼ਤਰ ਦੇ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਫੈਸਲੇ ਵਿੱਚ ਕਿਹਾ ਕਿ ਪਰਵੇਜ਼ ਇਲਾਹੀ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਹਨ। ਕਾਬਿਲੇਗੌਰ ਹੈ ਕਿ ਮਜ਼ਾਰੀ ਨੇ ਚੋਣ ਦੌਰਾਨ ਪੀਐੱਮਐੱਲ ਕਾਇਦ ਦੇ 10 ਮੈਂਬਰਾਂ ਦੀਆਂ ਵੋਟਾਂ, ਜੋ ਇਲਾਹੀ ਦੇ ਹੱਕ ਵਿੱਚ ਭੁਗਤੀਆਂ ਸਨ, ਨੂੰ ਪਾਰਟੀ ਦੇ ਪ੍ਰਧਾਨ ਚੌਧਰੀ ਸ਼ੁਜਾਤ ਹੁਸੈਨ ਦੇ ਪੱਤਰ ਦੇ ਹਵਾਲੇ ਨਾਲ ਰੱਦ ਕਰ ਦਿੱਤਾ ਸੀ। ਹੁਸੈਨ ਨੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਪਾਰਟੀ ਮੈਂਬਰਾਂ ਨੂੰ ਹਮਜ਼ਾ ਦੇ ਹੱਕ ਵਿੱਚ ਵੋਟ ਪਾਉਣ ਦੀ ਹਦਾਇਤ ਕੀਤੀ ਸੀ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਗੱਠਜੋੜ ਸਰਕਾਰ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਵਿਵਾਦਿਤ ਚੋਣ ਨਾਲ ਜੁੜੇ ਅਹਿਮ ਕੇਸ ਦੀ ਸੁਣਵਾਈ ਲਈ ਮੁਕੰਮਲ ਬੈਂਚ ਗਠਿਤ ਨਾ ਕੀਤੇ ਜਾਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਸੀ। ਸ਼ਾਹਬਾਜ਼ ਸਰਕਾਰ ਨੇ ਕੋਰਟ ਦੀ ਕਾਰਵਾਈ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਮਜ਼ਾ ਸ਼ਾਹਬਾਜ਼ ਦੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਮੁੜ ਚੋਣ ਨਾਲ ਜੁੜੇ ਕੇਸ ਦੀ ਸੁਣਵਾਈ ਲਈ ਮੁਕੰਮਲ ਬੈਂਚ ਦੇ ਗਠਨ ਤੋਂ ਨਾਂਹ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਉਦੋਂ ਕਿਹਾ ਸੀ ਕਿ ਇਸ ਮਸਲੇ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਉਹ ਹੋਰ ਦਲੀਲਾਂ ਸੁਣਨੀਆਂ ਚਾਹੇਗੀ। ਚੇਤੇ ਰਹੇ ਕਿ ਐਤਵਾਰ ਨੂੰ ਹੋਈ ਚੋਣ ਵਿੱਚ ਇਲਾਹੀ ਨੂੰ 186 ਵੋਟ ਜਦੋਂਕਿ ਉਸ ਦੇ ਵਿਰੋਧੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਉਮੀਦਵਾਰ ਹਮਜ਼ਾ ਸ਼ਾਹਬਾਜ਼ ਨੂੰ 179 ਵੋਟ ਮਿਲੇ ਸਨ, ਪਰ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜ਼ਾਰੀ ਨੇ ਪਾਕਿਸਤਾਨ ਮੁਸਲਿਮ ਲੀਗ ਕਾਇਦ ਦੀਆਂ 10 ਵੋਟਾਂ ਰੱਦ ਕਰ ਦਿੱਤੀਆਂ ਸਨ, ਜਿਸ ਕਰਕੇ ਇਲਾਹੀ ਤਿੰਨ ਵੋਟਾਂ ਦੇ ਫਰਕ ਨਾਲ ਹਾਰ ਗੲੇ ਸਨ। ਇਲਾਹੀ ਨੇ ਇਸ ਵਿਵਾਦਿਤ ਚੋਣ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। -ਪੀਟੀਆਈ