ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 26 ਜੁਲਾਈ
ਮੁੱਖ ਅੰਸ਼
- ਲੰਘੇ ਐਤਵਾਰ ਕੀਤਾ ਗਿਆ ਸੀ ਮਨਿੰਦਰ ਧਾਲੀਵਾਲ ਤੇ ਸਤਿੰਦਰ ਿਗੱਲ ਦਾ ਕਤਲ
ਵਿਸਲਰ ਪੁਲੀਸ (ਕੈਨੇਡਾ) ਨੇ ਅੱਜ ਦੱਸਿਆ ਕਿ ਇੱਥੋਂ ਦੇ ਬ੍ਰਿਟਿਸ਼ ਕੋਲੰਬੀਆ ਰਿਜ਼ੌਰਟ ਵਿਲੇਜ ‘ਚ ਗੈਂਗਸਟਰ ਮਨਿੰਦਰ ਧਾਲੀਵਾਲ ਨੂੰ ਕਤਲ ਕੀਤੇ ਜਾਣ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ‘ਚੋਂ ਦੋ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਗੁਰਸਿਮਰਨ ਸਹੋਤਾ (24) ਤੇ ਤਨਵੀਰ ਖੱਖ (20) ਵਾਸੀ ਸਰੀ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ‘ਫਸਟ ਡਿਗਰੀ ਮਰਡਰ’ (ਸੋਚ ਸਮਝ ਕੇ ਕੀਤਾ ਗਿਆ ਕਤਲ) ਦਾ ਦੋਸ਼ ਲਾਇਆ ਹੈ। ਖੱਖ ਤੇ ਸਹੋਤਾ ਤੋਂ ਇਲਾਵਾ ਇਸ ਮਾਮਲੇ ‘ਚ ਤਿੰਨ ਹੋਰ ਜਣਿਆਂ ਦੀ ਇਸ ਘਟਨਾ ‘ਚ ਪੂਰੀ ਤਰ੍ਹਾਂ ਸ਼ਮੂਲੀਅਤ ਅਜੇ ਤੈਅ ਨਹੀਂ ਕੀਤੀ ਗਈ। ਇਸ ਸਬੰਧੀ ਜਾਂਚ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਨੂੰ ਲੰਘੇ ਐਤਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ 10 ਦਿਨ ਬਾਅਦ ਵਾਪਰੀ ਸੀ। ਇਹ ਦੋਵੇਂ ਘਟਨਾਵਾਂ ਦਿਨ-ਦਿਹਾੜੇ ਵਾਪਰੀਆਂ ਤੇ ਦੋਵਾਂ ਘਟਨਾਵਾਂ ਦੇ ਪੀੜਤ ਘਟਨਾ ਸਮੇਂ ਜਨਤਕ ਥਾਵਾਂ ‘ਤੇ ਕਾਰ ‘ਚ ਬੈਠੇ ਹੋਏ ਸਨ। ਧਾਲੀਵਾਲ ਤੇ ਉਸ ਦਾ ਭਰਾ ਬਰਿੰਦਰ ਉਨ੍ਹਾਂ ਛੇ ਵਿਅਕਤੀਆਂ ‘ਚ ਸ਼ਾਮਲ ਸਨ ਜਿਨ੍ਹਾਂ ਨੂੰ ਵੈਨਕੂਵਰ ਪੁਲੀਸ ਵਿਭਾਗ ਨੇ ਪਿਛਲੇ ਸਾਲ ਰਿਹਾਅ ਕੀਤਾ ਸੀ। ਇਨ੍ਹਾਂ ਛੇ ਜਣਿਆਂ ‘ਚੋਂ ਚਾਰ ਭਾਰਤੀ ਮੂਲ ਦੇ ਸਨ। ਵੈਨਕੂਵਰ ਪੁਲੀਸ ਅਨੁਸਾਰ ਇਹ ਸਾਰੇ ‘ਗੈਂਗਸਟਰ’ ਸਨ।
ਪੁਲੀਸ ਮੁਖੀ ਐਡਮ ਪਾਮਰ ਨੇ ਇਨ੍ਹਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਚਿਤਾਵਨੀ ਦਿੱਤੀ, ‘ਸਾਨੂੰ ਮਿਲੀ ਖੁਫੀਆ ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਵਿਰੋਧੀ ਗਰੋਹ ਦੇ ਮੈਂਬਰ ਨਿਸ਼ਾਨਾ ਬਣਾ ਸਕਦੇ ਹਨ।’ ਮੀਡੀਆ ਰਿਪੋਰਟਾਂ ਅਨੁਸਾਰ ਧਾਲੀਵਾਲ ‘ਬ੍ਰਦਰਜ਼ ਕੀਪਰ’ (ਬੀਕੇ) ਦੇ ਨਾਂ ਨਾਲ ਜਾਣੇ ਜਾਂਦੇ ਗੈਂਗ ਦਾ ਮੈਂਬਰ ਸੀ ਜਦਕਿ ਗਿੱਲ ਦੀ ਕਿਸੇ ਗੈਂਗ ‘ਚ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਧਾਲੀਵਾਲ ਦੇ ਭਰਾ ਦਾ ਪਿਛਲੇ ਸਾਲ ਅਪਰੈਲ ‘ਚ ਕਤਲ ਕਰ ਦਿੱਤਾ ਗਿਆ ਸੀ। ਜਾਂਚ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਾਲੀਵਾਲ ਤੇ ਗਿੱਲ ਦੇ ਕਤਲ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ‘ਚ ਗੈਂਗ ਵਿਵਾਦ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਮਨਿੰਦਰ ਧਾਲੀਵਾਲ (29) ਦੀ ਅੱਜ ਇੱਥੋਂ ਪੌਣੇ ਦੋ ਸੌ ਕਿਲੋਮੀਟਰ ਦੂਰ ਸੈਲਾਨੀ ਸ਼ਹਿਰ ਵਿਸਲਰ ਦੇ ਇਕ ਹੋਟਲ ਅੱਗੇ ਦਿਨ-ਦਿਹਾੜੇ ਕਰੀਬ 12:30 ਵਜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।